ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 1 ਸਤੰਬਰ
ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਮਿਲਣ ਵਾਲੀ ਰਾਸ਼ੀ ਵਿਚ ਵਾਧਾ ਕੀਤੇ ਜਾਣ ਨਾਲ ਲੋੜਵੰਦ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਇਸ ਸਕੀਮ ਦਾ ਕੁਝ ਘਰਾਂ ਵਿਚ ਤਾਂ ਚਾਰ-ਚਾਰ ਮੈਂਬਰਾਂ ਨੂੰ ਵੀ ਲਾਭ ਮਿਲੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਨਗਰ ਪੰਚਾਇਤ ਦਫਤਰ ਭਗਤਾ ਵਿੱਚ ਪੈਨਸ਼ਨਰਾਂ ਨੂੰ ਵਧੀ ਪੈਨਸ਼ਨ ਦੇ ਚੈੱਕ ਵੰਡਣ ਤੋਂ ਬਾਅਦ ਕੀਤਾ। ਸ੍ਰੀ ਕਾਂਗੜ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਵਿਧਵਾ, ਬੁਢਾਪਾ ਤੇ ਅਪੰਗ ਸਣੇ ਹੋਰਨਾਂ ਪੈਨਸ਼ਨ ਧਾਰਕਾਂ ਦੀ ਪੈਨਸ਼ਨ 1500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਇਸ ਮੌਕੇ ਨਗਰ ਪੰਚਾਇਤ ਭਗਤਾ ਦੇ ਪ੍ਰਧਾਨ ਬੂਟਾ ਸਿੱਧੂ, ਚੇਅਰਮੈਨ ਰਾਜਵੰਤ ਸਿੰਘ ਭਗਤਾ, ਨਿਰਭੈ ਸਿੰਘ ਪ੍ਰਧਾਨ, ਪਰਮਜੀਤ ਬਿਦਰ, ਰਾਕੇਸ ਭਾਈਰੂਪਾ, ਲਖਵੀਰ ਲੱਖਾ, ਸੁਰਿੰਦਰ ਕਟਾਰੀਆ ਆਦਿ ਹਾਜ਼ਰ ਸਨ।
ਮਾਨਸਾ (ਪੱਤਰ ਪ੍ਰੇਰਕ): ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਵੀ ਪੈਨਸ਼ਨਰਾਂ ਨੂੰ ਚੈੱਕ ਵੰਡੇ। ਉਨ੍ਹਾਂ 98086 ਲਾਭਪਾਤਰੀਆਂ ਨੂੰ ਦੁੱਗਣੀ ਪੈਨਸ਼ਨ ਪ੍ਰਕਿਰਿਆ ਦਾ ਰਸਮੀ ਆਗਾਜ਼ ਕੀਤਾ।