ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 9 ਦਸੰਬਰ
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਰਕੰਦੀ ਵਿਖੇ ਚੱਲ ਰਹੀ ਸਰਕਾਰੀ ਡਾਈਟ ਦੇ ਵਿਦਿਆਰਥੀਆਂ ਨੇ ਤੜਕਸਾਰ ਹੀ ਸ਼ਹਿਰ ਦੇ ਬੱਸ ਸਟੈਂਡ ਦੇ ਬਾਹਰ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਡਾਇਟ ’ਚ 300 ਦੇ ਕਰੀਬ ਵਿਦਿਆਰਥੀ ਤਾਲੀਮ ਹਾਸਲ ਕਰ ਰਹੇ ਹਨ, ਪਰ ਉਨ੍ਹਾਂ ਨੂੰ ਆਉਣ ਜਾਣ ਲਈ ਸਿਰਫ਼ ਇੱਕ ਹੀ ਰੋਡਵੇਜ਼ ਬੱਸ ਦਾ ਇੰਤਜ਼ਾਮ ਕੀਤਾ ਗਿਆ ਸੀ, ਪਰ ਬੀਤੇ ਦਿਨਾਂ ਤੋਂ ਚੱਲ ਰਹੀ ਰੋਡਵੇਜ਼ ਕਾਮਿਆਂ ਦੀ ਹੜਤਾਲ ਦੇ ਚੱਲਦਿਆਂ ਉਹ ਵੀ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਮਤਿਹਾਨਾਂ ਦੇ ਦਿਨ ਨਜ਼ਦੀਕ ਆ ਰਹੇ ਹਨ ਤੇ ਜੇਕਰ ਡਾਇਟ ਜਾਣ ਲਈ ਬੱਸ ਨਾ ਚਲਾਈ ਗਈ ਤਾਂ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਜਾਵੇਗਾ।
ਮੌਕੇ ’ਤੇ ਪਹੁੰਚੇ ਪੁਲੀਸ ਕਰਮੀਆਂ ਨੇ ਡਾਈਟ ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਰੋਡ ਜਾਮ ਕਰਨ ਨਾਲ ਉਨ੍ਹਾਂ ਦੇ ਮਸਲੇ ਦਾ ਹੱਲ ਨਹੀਂ ਹੋਵੇਗਾ, ਸਗੋਂ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਇਸ ਉਪਰੰਤ ਡਾਈਟ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਾ ਕੇ ਆਪਣੀ ਮੰਗ ਰੱਖਣ ਦਾ ਫੈਸਲਾ ਲਿਆ। ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਡਾਈਟ ਵਿਦਿਆਰਥੀਆਂ ਨੇ ਓਪ ਮੰਡਲ ਮੈਜਿਸਟਰੇਟ ਸ੍ਰੀਮਤੀ ਸਵਰਨਜੀਤ ਕੌਰ ਨੂੰ ਮੰਗ ਪੱਤਰ ਸੌਂਪਿਆ, ਜਿਸ ’ਤੇ ਐੱਸਡੀਐੱਮ ਨੇ ਵਿਦਿਆਰਥੀਆਂ ਨੂੰ ਭਰੋਸਾ ਦੁਆਇਆ ਕਿ ਜਲਦੀ ਹੀ ਉਨ੍ਹਾਂ ਦੀ ਇਸ ਮੁਸ਼ਕਲ ਦਾ ਹੱਲ ਕਰ ਦਿੱਤਾ ਜਾਵੇਗਾ।
ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮੁਸ਼ਕਲ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਇੱਕ ਮੰਗ ਪੱਤਰ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਸੌਂਪਣਗੇ। ਇਸ ਮੌਕੇ ਮਨਪ੍ਰੀਤ ਕੌਰ, ਪੂਜਾ, ਜੋਤੀ, ਲਵਪ੍ਰੀਤ ਕੌਰ, ਆਕਾਸ਼ ਕਾਲੜਾ, ਕੁਲਦੀਪ ਸਿੰਘ, ਲਖਵਿੰਦਰ, ਜਸਵੀਰ ਸਿੰਘ, ਅਮਨਦੀਪ ਕੌਰ, ਜਤਿਨ ਤੋਂ ਇਲਾਵਾ ਵੱਡੀ ਗਿਣਤੀ ’ਚ ਡਾਇਟ ਵਿਦਿਆਰਥੀ ਮੌਜੂਦ ਸਨ।