ਜਗਤਾਰ ਅਨਜਾਣ
ਮੌੜ ਮੰਡੀ, 17 ਅਪਰੈਲ
ਬੀਤੇ ਦਿਨ ਕਣਕ ਦੀ ਤੁਲਾਈ ‘ਚ ਧਰਮ ਕੰਡਿਆਂ ਤੇ ਕੀਤੀ ਜਾ ਰਹੀ ਲੁੱਟ ਦਾ ਪਰਦਾਫਾਸ਼ ਹੋਣ ਦਾ ਮਾਮਲਾ ਸਾਹਮਣੇ ਆਇਆ। ਸੰਯੁਕਤ ਮੋਰਚੇ ’ਚ ਸ਼ਾਮਿਲ ਜਥੇਬੰਦੀਆਂ ਵੱਲੋਂ ਮੁਲਜ਼ਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਨਾ ਹੁੰਦੀ ਦੇਖ ਮਾਰਕੀਟ ਕਮੇਟੀ ਮੌੜ ਵਿਚ ਧਰਨਾ ਲਗਾ ਦਿੱਤਾ ਗਿਆ।
ਬੀਕੇਯੂ ਸਿੱਧੂਪੁਰ ਦੇ ਆਗੂ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਬੀਤੇ ਦਿਨ ਮਹਿਮਾ ਸਿੰਘ ਧਿੰਗੜ ਅਤੇ ਜਸਪਾਲ ਸਿੰਘ ਮੌੜ ਖ਼ੁਰਦ ਨੇ ਕਣਕ ਦੀ ਘੱਟ ਤੁਲਾਈ ਸਬੰਧੀ ਦੱਸਿਆ ਤਾਂ ਸੰਯੁਕਤ ਮੋਰਚੇ ਵੱਲੋਂ ਪੜਤਾਲ ਕੀਤੀ ਗਈ। ਕੁਝ ਧਰਮ ਕੰਡਿਆਂ ਵੱਲੋਂ ਕਣਕ ਦੀਆਂ ਭਰੀਆਂ ਟਰਾਲੀਆਂ ਵਿੱਚ ਪ੍ਰਤੀ ਟਰਾਲੀ 50 ਕਿਲੋ ਕਣਕ ਦੀ ਹੇਰਾਫੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨਾਪ ਤੋਲ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਵੱਲੋਂ ਕੀਤੀ ਜਾਂਚ ਵਿੱਚ ਵੀ ਦੋ ਕੰਡੇ ਗ਼ਲਤ ਪਾਏ ਗਏ। ਭਾਵੇਂ ਇੰਸਪੈਕਟਰ ਵੱਲੋਂ ਦੋਵਾਂ ਕੰਡਿਆਂ ਨੂੰ ਸੀਲ ਕਰ ਦਿੱਤਾ ਪਰ ਕੰਡੇ ਮੁੜ ਖੋਲ੍ਹ ਦਿੱਤੇ ਗਏ। ਕਿਸਾਨ ਜਥੇਬੰਦੀਆਂ ਵੱਲੋਂ 21 ਅਪਰੈਲ ਨੂੰ ਮਾਰਕੀਟ ਕਮੇਟੀ ਮੌੜ ਦੇ ਗੇਟ ’ਤੇ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ। ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦੋ ਕੰਡਿਆਂ ਦੀ ਰੀਡਿੰਗ ਗ਼ਲਤ ਪਾਈ ਗਈ ਸੀ। ਦੋਵਾਂ ਦਾ ਚਲਾਨ ਕੱਟ ਦੇ ਕੰਡਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ।