ਗੁਰਪ੍ਰੀਤ ਦੌਧਰ
ਅਜੀਤਵਾਲ,10 ਜੁਲਾਈ
ਵਾਲਮੀਕਿ/ਮਜਹਬੀ ਸਿੱਖ ਮਹਾਸਭਾ ਵੱਲੋਂ ਪੰਜਾਬ ਸਰਕਾਰ ਵੱਲੋਂ 178 ਲਾਅ ਅਫ਼ਸਰ ਦੀਆਂ ਪੋਸਟਾਂ ਵਿਚ ਰਾਖਵਾਂਕਰਨ ਨਾ ਦੇਣ ਕਾਰਨ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰ ਕੇ ਵਿਧਾਇਕ ਮਨਜੀਤ ਸਿੰਘ ਬਿਲਾਸਪਰ ਦੇ ਘਰ ਸਾਹਮਣੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਸਮੇਂ ਮਹਾਸਭਾ ਦੇ ਪ੍ਰਧਾਨ ਬਲਜਿੰਦਰ ਧਾਲੀਵਾਲ, ਜਨਰਲ ਸਕੱਤਰ ਇੰਦਰਪਾਲ ਸਿੰਘ, ਮੀਤ ਪ੍ਰਧਾਨ ਰਾਜੂ ਸਹੋਤਾ, ਰਮਪਾਲ ਸਿੰਘ ਰੂਬੀ, ਪੀਟੀਆਈ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਘਲੋਟੀ ਆਦਿ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਤਾਂ 178 ਲਾਅ ਅਫ਼ਸਰ ਦੀਆਂ ਪੋਸਟਾਂ ਵਿੱਚ ਰਾਖਵਾਂਕਰਨ ਨਾ ਦੇ ਕੇ ਸੰਵਿਧਾਨ ਨੂੰ ਸਿੱਧਾ-ਸਿੱਧਾ ਚੁਣੌਤੀ ਦਿੱਤੀ ਗਈ ਹੈ। ਉਪਰੋਂ ਐਡਵੋਕੇਟ ਜਰਨਲ ਵੱਲੋਂ ਗ੍ਰਹਿ ਵਿਭਾਗ ਨੂੰ ਲਿਖੀ ਚਿੱਠੀ ਵਿੱਚ ਅਨੁਸੂਚਿਤ ਜਾਤੀਆਂ ਦੀ ਕਾਰਜ ਕੁਸ਼ਲਤਾ ਉੱਪਰ ਕੀਤੀ ਗਈ ਟਿੱਪਣੀ ਨੇ ਦੁਨੀਆਂ ਭਰ ਵਿੱਚ ਵਸਦੇ ਕਰੋੜਾਂ ਦਲਿਤਾਂ ਦਾ ਅਪਮਾਨ ਕੀਤਾ ਹੈ। ਐਡਵੋਕੇਟ ਜਨਰਲ ਦੇ ਬਿਆਨ ਨਾਲ ਅਨੁਸੂਚਿਤ ਜਾਤੀ ਦੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਇਸ ਲੋਕ ਮਾਰੂ ਫ਼ੈਸਲੇ ਨੇ ਪੰਜਾਬ ਸਰਕਾਰ ਅਨੁਸੂਚਿਤ ਜਾਤੀ ਵਿਰੋਧੀ ਚਿਹਰਾ ਬੇਪਰਦ ਕੀਤਾ ਹੈ। ਸਿੱਖ ਮਹਾਸਭਾ ਦੇ ਆਗੂਆਂ ਬਲਜਿੰਦਰ ਧਾਲੀਵਾਲ, ਚਰਨਜੀਤ ਸਿੰਘ, ਪ੍ਰਗਟ ਸਿੰਘ ਰਾਜੇਆਣਾ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਮੁੱਖ ਮੰਤਰੀ ਦਾ ਰਾਖਵਾਂਕਰਨ ਵਿਰੋਧੀ ਚਿਹਰਾ ਬੇਪਰਦ ਹੋਇਆ ਹੈ। ਮਹਾਸਭਾ ਵੱਲੋਂ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਲੋਕ ਹਾਜ਼ਰ ਸਨ।