ਪਵਨ ਗੋਇਲ
ਭੁੱਚੋ ਮੰਡੀ, 22 ਜੁਲਾਈ
ਬੈਸਟ ਪ੍ਰਾਈਜ਼ ਮਾਲ ਮੁਲਾਜ਼ਮ ਯੂਨੀਅਨ ਵੱਲੋਂ ਨੌਕਰੀਆਂ ਬਹਾਲ ਕਰਵਾਉਣ ਲਈ ਪ੍ਰਧਾਨ ਜਸਪ੍ਰੀਤ ਸਿੰਘ ਝੰਡੂਕੇ ਦੀ ਅਗਵਾਈ ਹੇਠ ਅੱਜ ਕੌਮੀ ਮਾਰਗ ’ਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਮਾਲ ਦੇ ਗੇਟ ਅੱਗੇ ਐੱਚਆਰ ਵਿਸ਼ਾਲ ਲੁੱਥਰਾ ਦਾ ਪੁਤਲਾ ਫੂਕਿਆ। ਮੁਲਾਜ਼ਮਾਂ ਨੇ ਕੰਪਨੀ ਦੇ ਅਧਿਕਾਰੀਆਂ ਦੀ ਬੇਰੁਖੀ ਖ਼ਿਲਾਫ਼ ਨਾਆਰੇਬਾਜ਼ੀ ਕੀਤੀ। ਅਧਿਕਾਰੀਆਂ ਨਾਲ ਹੋਈਆਂ ਦੋਵੇਂ ਮੀਟਿੰਗਾਂ ਬੇਸਿੱਟਾ ਰਹਿਣ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਹ ਸੀ। ਉਨ੍ਹਾਂ ਸੰਘਰਸ਼ ਨੂੰ ਤੇਜ਼ ਕਰਦਿਆਂ 24 ਜੁਲਾਈ ਤੋਂ ਲੁਧਿਆਣਾ ਦੇ ਬੈਸਟ ਪ੍ਰਾਈਸ ਮਾਲ ਨੂੰ ਹਫ਼ਤੇ ਲਈ ਘੇਰਨ ਦਾ ਐਲਾਨ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੰਪਨੀ ਨੇ ਫਿਰ ਵੀ ਮੁਲਾਜ਼ਮਾਂ ਦੀਆਂ ਨੌਕਰੀਆਂ ਬਹਾਲ ਨਾ ਕੀਤੀਆਂ ਤਾਂ ਪੰਜਾਬ ਦੇ ਬਾਕੀ ਬੈਸਟ ਪ੍ਰਾਈਜ਼ ਮਾਲ ਵੀ ਘੇਰੇ ਜਾ ਸਕਦੇ ਹਨ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਅਤੇ ਭਾਕਿਯੂ (ਉਗਰਾਹਾਂ) ਦੇ ਆਗੂ ਸ਼ਾਮਲ ਸਨ। ਉਨ੍ਹਾਂ ਮੁਲਾਜ਼ਮਾਂ ਵੱਲੋਂ ਉਲੀਕੇ ਗਏ ਹਰ ਸੰਘਰਸ਼ ਵਿੱਚ ਭਰਵਾਂ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਮੁਲਾਜ਼ਮ ਆਗੂ ਜਸਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਮਨਪ੍ਰੀਤ ਸ਼ਰਮਾ, ਨਿਰਮਲ ਸਿੰਘ ਸਿੰਘ, ਸਿਮਰਜੀਤ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ ਅਤੇ ਸਟੈੱਫੀ ਨੇ ਕਿਹਾ ਕਿ ਅਧਿਕਾਰੀ ਅਸੰਭਵ ਸ਼ਰਤਾਂ ਰੱਖ ਕੇ ਅਸਿੱਧੇ ਢੰਗ ਨਾਲ ਮੁਲਾਜ਼ਮਾਂ ਨੂੰ ਘਰੋ-ਘਰੀ ਤੋਰਨ ’ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਨੌਕਰੀਆਂ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ।