ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਨਵੰਬਰ
ਇਥੇ ਥਾਣਾ ਮਹਿਣਾ ਅਧੀਨ ਪਿੰਡ ਰੌਲੀ ਵਿਖੇ ਕਥਿਤ ਨਸ਼ਾ ਤਸਕਰਾਂ ਦੀ ਗੁੰਡਾਗਰਦੀ ਖ਼ਿਲਾਫ਼ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ। ਲੋਕਾਂ ਦਾ ਦੋਸ਼ ਹੈ ਕਿ ਜੇਕਰ ਪਿੰਡ ਵਾਸੀ ਨਸ਼ਾ ਵੇਚਣ ਤੋਂ ਰੋਕਦੇ ਹਨ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਪਿੰਡ ਵਾਸੀਆਂ ਨੇ ਪੁਲੀਸ ’ਤੇ ਵੀ ਮਿਲੀਭੁਗਤ ਦੇ ਇਲਜ਼ਾਮ ਲਾਏ। ਇਸ ਧਰਨੇ ਵਿੱਚ ਪਿੰਡ ਦੇ ਲੋਕਾਂ ਨਾਲ ਔਰਤਾਂ ਵੀ ਸ਼ਾਮਲ ਹੋਈਆਂ। ਲੋਕਾਂ ਨੇ ਆਖਿਆ ਕਿ ਪੁਲੀਸ ਦੇ ਕੁਝ ਮੁਲਾਜ਼ਮਾਂ ਦੀ ਕਥਿਤ ਮਿਲੀਭੁਗਤ ਕਰਕੇ ਇੱਥੇ ਹਰ ਤਰ੍ਹਾਂ ਦੇ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਹੈ। ਧਰਨੇ ਇਕ ਬਿਰਧ ਔਰਤ ਆਪਣੀ ਦਾਸਤਾਂ ਸੁਣਾਉਂਦਿਆਂ ਭਾਵੁਕ ਹੋ ਗਈ। ਉਸ ਨੇ ਦੱਸਿਆ ਕਿ ਉਸ ਦੇ ਤਿੰਨ ਮੁੰਡੇ ਹਨ ਅਤੇ ਇਹ ਨਸ਼ਾ ਤਸਕਰਾਂ ਤੋਂ ਹੀ ਚਿੱਟਾ ਲੈ ਕੇ ਸਵੇਰੇ ਸ਼ਾਮ ਲਾਉਂਦੇ ਹਨ ਅਤੇ ਨਸ਼ੇ ਦੀ ਪੂਰਤੀ ਲਈ ਘਰਦਾ ਕੀਮਤੀ ਸਾਮਾਨ ਵੀ ਇਨ੍ਹਾਂ ਨੇ ਵੇਚ ਦਿੱਤਾ। ਮੁਜ਼ਾਹਰਾਕਾਰੀ ਬਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਨਸ਼ੇ ਦੀ ਤਸਕਰੀ ਕਰਨ ਵਾਲੇ ਤਾਂ ਲੋਕਾਂ ਨੂੰ ਕਹਿ ਰਹੇ ਹਨ ਕਿ ਉਹ ਜੋ ਮਰਜ਼ੀ ਕਰ ਲੈਣ ਨਸੇ ਤਾਂ ਵਿਕਣਗੇ। ਪਿੰਡ ਵਾਲਿਆਂ ਕਈ ਵਾਰ ਇਨ੍ਹਾਂ ਨੂੰ ਸਮਝਾਇਆ ਪਰ ਉਹ ਨਸ਼ਾ ਵੇਚਣੋਂ ਨਹੀਂ ਹਟੇ ਅਤੇ ਖੁੱਲ੍ਹੇ ਆਮ ਘੁੰਮ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਨੂੰ ਬਾਰ-ਬਾਰ ਸ਼ਿਕਾਇਤਾਂ ਕਰਨ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕਰ ਰਹੀ।
ਪੁਲੀਸ ਵੱਲੋਂ ਕਾਰਵਾਈ ਦਾ ਭਰੋਸਾ
ਥਾਣਾ ਮਹਿਣਾ ਦੇ ਮੁਖੀ ਬਲਰਾਜ ਮੋਹਣ ਨੇ ਕਿਹਾ ਕਿ ਪਿੰਡ ਵਿਚ ਕਿਸੇ ਦੇ ਘਰ ਅੱਗੇ ਪਟਾਕੇ ਨਾ ਚਲਾਉਣ ਸਬੰਧੀ ਦੋ ਧਿਰਾਂ ਵਿੱਚ ਝਗੜਾ ਹੋਇਆ ਹੈ। ਦੋਵੇਂ ਧਿਰਾਂ ਦੇ ਬਿਆਨ ਲੈ ਲਏ ਹਨ। ਮੁਲਜ਼ਮਾਂ ਵਿੱਚ ਅਜਿਹਾ ਵੀ ਸ਼ਾਮਲ ਹੈ ਜਿਹੜਾ ਨਸ਼ੇ ਦੇ ਮੁਕੱਦਮੇ ’ਚ ਜ਼ਮਾਨਤ ’ਤੇ ਆਇਆ ਹੋਇਆ ਹੈ। ਉਨ੍ਹਾਂ ਆਖਿਆ ਕਿ ਜੇਕਰ ਹੁਣ ਵੀ ਉਹ ਨਸ਼ਾ ਵੇਚੇਗਾ ਤਾਂ ਪੁਲੀਸ ਕਾਰਵਾਈ ਕਰੇਗੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।