ਜਸਵੰਤ ਜੱਸ
ਫਰੀਦਕੋਟ, 21 ਅਗਸਤ
ਇੱਥੇ ਅੱਜ ਨੌਜਵਾਨ ਭਾਰਤ ਸਭਾ ਵੱਲੋਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਤੂੜੀ ਬਾਜ਼ਾਰ ਫਿਰੋਜ਼ਪੁਰ ਵਿਚਲੇ ਗੁਪਤ ਟਿਕਾਣੇ ਨੂੰ ਲਾਇਬ੍ਰੇਰੀ ਅਤੇ ਅਜਾਇਬ ਘਰ ਵਿੱਚ ਤਬਦੀਲ ਕਰਵਾਉਣ ਲਈ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਅਤੇ ਜ਼ਿਲ੍ਹਾ ਆਗੂ ਨਗਿੰਦਰ ਆਜ਼ਾਦ ਨੇ ਕਿਹਾ ਕਿ ਤੂੜੀ ਬਾਜ਼ਾਰ ਫਿਰੋਜ਼ਪੁਰ ਵਿੱਚ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਉਸ ਵੇਲੇ ਗੁਪਤ ਟਿਕਾਣਾ ਜਿੱਥੇ ਕਈ ਕ੍ਰਾਂਤੀਕਾਰੀ ਰਹਿੰਦੇ ਰਹੇ ਹਨ, ਉਹ ਵਿਰਾਸਤੀ ਟਿਕਾਣਾ ਅੱਜ ਰੁਲ ਰਿਹਾ ਹੈ। ਇਸ ਜਗ੍ਹਾ ’ਤੇ ਕੁੱਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤਰੁੰਤ ਇਸ ਨਾਜਾਇਜ਼ ਕਬਜ਼ੇ ਨੂੰ ਛੁਡਾਵੇ ਅਤੇ ਇਸ ਟਿਕਾਣੇ ਨੂੰ ਲਾਇਬ੍ਰੇਰੀ ਅਤੇ ਅਜਾਇਬ ਘਰ ਵਿੱਚ ਤਬਦੀਲ ਕੀਤਾ ਜਾਵੇ, ਕਿਉਂਕਿ ਇਸ ਗੁਪਤ ਟਿਕਾਣੇ ਨਾਲ ਸ਼ਹੀਦਾਂ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ।
ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਇਹ ਮਾਮਲੇ ਲੋੜੀਂਦੀ ਕਾਰਵਾਈ ਲਈ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ ਅਤੇ ਆਪਣੇ ਪੱਧਰ ’ਤੇ ਵੀ ਯਤਨ ਕਰਨਗੇ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਰਾਜਦੀਪ ਸਿੰਘ ਸਮਾਘ, ਹਰਜਿੰਦਰ ਸਿੰਘ ਖੋਖਰ, ਜਸਵੰਤ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ, ਇੰਦਰਜੀਤ ਸਿੰਘ, ਜਸਕਰਨ ਸਿੰਘ, ਕੁਲਵੰਤ ਸਿੰਘ ਆਦਿ ਵੀ ਹਾਜ਼ਰ ਸਨ।