ਪੱਤਰ ਪ੍ਰੇਰਕ
ਮਾਨਸਾ, 2 ਸਤੰਬਰ
ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਨੇ ਇਲਾਕੇ ਵਿੱਚ ਬੰਦ ਪਈਆਂ ਰੇਲ ਗੱਡੀਆਂ ਨੂੰ ਚਾਲੂ ਕਰਨ ਸਬੰਧੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮੰਗ ਪੱਤਰ ਦਿੱਤਾ ਗਿਆ। ਐਸੋਸੀਏਸ਼ਨ ਨੇ ਮਾਨਸਾ ਦੇ ਰੇਲਵੇ ਸਟੇਸ਼ਨ ਉੱਪਰ 20 ਵਰ੍ਹਿਆਂ ਤੋਂ ਬੰਦ ਪਈ ਕਨਟੀਨ ਨੂੰ ਚਾਲੂ ਕਰਨ ਦੀ ਮੰਗ ਕੀਤੀ। ਇਸ ਮੰਗ ਪੱਤਰ ਵਿੱਚ ਆਗੂਆਂ ਨੇ ਕਿਹਾ ਕਿ ਮਾਨਸਾ ਰੇਲਵੇ ਸਟੇਸ਼ਨ ਤੋਂ ਯਾਤਰੀ, ਵਿਦਿਆਰਥੀ, ਵਪਾਰੀ ਅਤੇ ਪਰਵਾਸੀ ਮਜ਼ਦੂਰ ਰੋਜ਼ਾਨਾ ਵੱਡੀ ਗਿਣਤੀ ਵਿੱਚ ਯਾਤਰਾ ਕਰਦੇ ਹਨ ਅਤੇ ਬਠਿੰਡਾ ਰੇਲਵੇ ਸਟੇਸ਼ਨ ਤੋਂ ਬਾਅਦ ਮਾਨਸਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਹੈ। ਉਨ੍ਹਾਂ ਕਿਹਾ ਕਿ ਮਾਨਸਾ ਤੋਂ ਸਵੇਰੇ 9.20 ਤੋਂ ਬਾਅਦ ਰਾਤ ਦੇ 12.20 ਤੱਕ ਕੋਈ ਰੇਲ ਗੱਡੀ ਦਿੱਲੀ ਲਈ ਨਹੀਂ ਚੱਲਦੀ ਹੈ।