ਪੱਤਰ ਪ੍ਰੇਰਕ
ਅਬੋਹਰ, 18 ਅਪਰੈਲ
ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਟਿਕਟਾਂ ਨਾ ਮਿਲਣ ਕਾਰਨ ਸਿਆਸਤਦਾਨਾਂ ਵੱਲੋਂ ਪਾਰਟੀਆਂ ਛੱਡਣ ਦਾ ਸਿਲਸਿਲਾ ਜਾਰੀ ਹੈ। ਅਬੋਹਰ ਤੋਂ 11 ਸਾਲਾਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਅਤੇ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਰਹੇ ਕੁਲਦੀਪ ਕੁਮਾਰ ਉਰਫ਼ ਦੀਪ ਕੰਬੋਜ ਨੇ ਵੀ ਪਾਰਟੀ ਛੱਡਣ ਦਾ ਫੈਸਲਾ ਕਰ ਲਿਆ ਹੈ। ਦੀਪ ਕੰਬੋਜ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਇਕ ਪੋਸਟ ਸ਼ੇਅਰ ਕਰਕੇ ਲੋਕਾਂ ਤੋਂ ਰਾਏ ਮੰਗੀ ਹੈ। ਦੀਪ ਕੰਬੋਜ ਨੇ ਪੋਸਟ ਸ਼ੇਅਰ ਕਰਦੇ ਹੋਏ ਆਪਣੀ ਪਾਰਟੀ ’ਤੇ ਚੁਟਕੀ ਲਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਨੂੰ 11 ਸਾਲ ਦਿੱਤੇ ਹਨ। ਇਨ੍ਹਾਂ 11 ਸਾਲਾਂ ’ਚ ਉਹ ਚੰਗੇ-ਮਾੜੇ ਸਮੇਂ ’ਚ ਪਾਰਟੀ ਦੇ ਨਾਲ ਰਹੇ ਪਰ ਸਿਆਸੀ ਦੁਸ਼ਮਣਾਂ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਇਥੋਂ ਤੱਕ ਕਿ ਪਰਿਵਾਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਿਚ ਵੀ ਕੋਈ ਕਸਰ ਨਹੀਂ ਛੱਡੀ। ਇਸ ਲਈ ਉਹ ਹੁਣ ਜਨਤਾ ਤੋਂ ਰਾਏ ਮੰਗ ਰਿਹਾ ਹੈ ਕਿ ਉਸ ਨੂੰ ਅੱਗੇ ਕੀ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਦੀਪ ਕੰਬੋਜ ਨੇ ਅਬੋਹਰ ਵਿਧਾਨ ਸਭਾ ਤੋਂ ਸੰਦੀਪ ਜਾਖੜ ਖ਼ਿਲਾਫ਼ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਸੀ ਪਰ ਉਹ ਹਾਰ ਗਿਆ। ਇਸ ਤੋਂ ਬਾਅਦ ਉਹ ਹਲਕਾ ਇੰਚਾਰਜ ਵਜੋਂ ਕੰਮ ਕਰਦੇ ਰਹੇ। ਕੁਝ ਕਾਰਨਾਂ ਕਰਕੇ ਉਨ੍ਹਾਂ ਨੂੰ ਪਾਰਟੀ ’ਚੋਂ ਕੱਢ ਕੇ ਪਹਿਲਾਂ ਬੱਲੂਆਣਾ ਦੇ ਵਿਧਾਇਕ ਅਮਨਦੀਪ ਗੋਲਡੀ ਮੁਸਾਫਿਰ ਨੂੰ ਅਬੋਹਰ ਦਾ ਚਾਰਜ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਭਾਜਪਾ ਤੋਂ ‘ਆਪ’ ‘ਚ ਸ਼ਾਮਲ ਹੋਏ ਸਾਬਕਾ ਵਿਧਾਇਕ ਅਰੁਣ ਨਾਰੰਗ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਜਿਸ ਕਾਰਨ ਕਿਤੇ ਨਾ ਕਿਤੇ ਦੀਪ ਕੰਬੋਜ ਪਾਰਟੀ ਤੋਂ ਨਾਰਾਜ਼ ਹੋ ਰਹੇ ਹਨ।
ਜੇਕਰ ਕੋਈ ਫੈਸਲਾ ਲਿਆ ਤਾਂ ਮੀਡੀਆ ਨੂੰ ਜ਼ਰੂਰ ਦੱਸਾਂਗਾ: ਕੰਬੋਜ
ਇਸ ਸਬੰਧੀ ਜਦੋਂ ਦੀਪ ਕੰਬੋਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣਾ ਪ੍ਰਤੀਕਰਮ ਫੇਸਬੁੱਕ ’ਤੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਅਜੇ ਤੱਕ ਪਾਰਟੀ ਛੱਡਣ ਦਾ ਕੋਈ ਫੈਸਲਾ ਨਹੀਂ ਲਿਆ ਹੈ ਅਤੇ ਨਾ ਹੀ ਉਹ ਪਾਰਟੀ ਛੱਡ ਰਹੇ ਹਨ। ਜਦੋਂ ਵੀ ਉਹ ਕੋਈ ਹੋਰ ਫੈਸਲਾ ਲੈਣਗੇ ਤਾਂ ਮੀਡੀਆ ਨੂੰ ਜ਼ਰੂਰ ਦੱਸਣਗੇ।