ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 22 ਜੁਲਾਈ
ਨੇੜਲੇ ਪਿੰਡ ਲਾਲੇਆਣਾ ’ਚ ਇੱਕ ਕਿਸਾਨ ਬਾਜਇੰਦਰ ਸਿੰਘ ਪੁੱਤਰ ਦਰਸ਼ਨ ਦੇ ਖੇਤ ਵਿੱਚ ਟਿਊਬਵੈੱਲ ਦੇ ਬੋਰ ਵਿੱਚ ਫਸੀ ਪਾਣੀ ਵਾਲੀ ਮੱਛੀ ਮੋਟਰ ਕੱਢਣ ਸਮੇ ਬੋਰ ਦੇ ਨਾਲ ਹੀ ਇੱਕ ਹੋਰ ਛੋਟਾ ਬੋਰ ਕਰਨ ਦਾ ਕੰਮ ਕਰ ਰਿਹਾ ਮਜ਼ਦੂਰ ਨਛੱਤਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਬਾਘਾ ਮਿੱਟੀ ਦੀ ਢਿੱਗ ਡਿੱਗਣ ਕਰਕੇ ਬੋਰ ਵਿੱਚ ਕਈ ਫੁੱਟ ਮਿੱਟੀ ਹੇਠ ਦੱਬ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਰਾਮਾ ਦੇ ਮੁਖੀ ਹਰਜੋਤ ਸਿੰਘ ਮਾਨ, ਪੁਲੀਸ ਉੱਪ ਕਪਤਾਨ ਜਤਿਨ ਬਾਂਸਲ ਤਲਵੰਡੀ ਸਾਬੋ, ਉੱਪ ਮੰਡਲ ਮੈਜਿਸਟਰੇਟ ਕੰਵਰਜੀਤ ਸਿੰਘ, ਪਿੰਡ ਦੇ ਸਰਪੰਚ ਗੁਰਮੇਲ ਸਿੰਘ ਮੌਕੇ ’ਤੇ ਪਹੁੰਚੇ। ਇਸ ਮੌਕੇ ਜੇਸੀਬੀ ਦੀ ਮਦਦ ਨਾਲ ਕਈ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਬੋਰ ਦੇ ਨਾਲ ਹੀ ਹੋਰ ਡੂੰਘਾ ਟੋਆ ਪੁੱਟ ਕੇ ਮਜ਼ਦੂਰ ਨੂੰ ਬਾਹਰ ਕੱਢਿਆ ਗਿਆ ਹੈ। ਸੂਤਰਾਂ ਅਨੁਸਾਰ ਬੇਹੱਦ ਗੰਭੀਰ ਹਾਲਤ ਵਿੱਚ ਮਜ਼ਦੂਰ ਨੂੰ ਨੇੜਲੇ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।