ਪਰਮਜੀਤ ਸਿੰਘ
ਫਾਜ਼ਿਲਕਾ, 7 ਅਗਸਤ
ਪਿੰਡ ਤੇਜਾ ਰੁਹੇਲਾ ’ਚ ਇੱਕ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ ਹੈ। ਸਿਵਲ ਹਸਪਤਾਲ ’ਚ ਮ੍ਰਿਤਕ ਸੁਖਦੇਵ ਸਿੰਘ ਦੀ ਮਾਤਾ ਮਾਹਲੋ ਬਾਈ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਬੀਤੇ ਕੱਲ੍ਹ ਪਿੰਡ ਦੇ ਕੁਝ ਵਿਅਕਤੀ ਬੁਲਾਉਣ ਲਈ ਆਏ ਸਨ ਜਿਸ ’ਤੇ ਉਹ ਚਲਾ ਗਿਆ। ਉਸ ਨੇ ਦੱਸਿਆ ਕਿ ਉਕਤ ਵਿਅਕਤੀ ਉਸ ਦੇ ਪੁੱਤਰ ਨੂੰ ਠੇਕੇ ਅਤੇ ਬਾਅਦ ’ਚ ਆਪਣੇ ਘਰ ਲੈ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਬੁਲਾਇਆ ਗਿਆ ਅਤੇ ਕਿਹਾ ਕਿ ਲੜਕੇ ਦੇ ਮੂੰਹ ਵਿੱਚੋਂ ਖੂਨ ਆ ਰਿਹਾ ਹੈ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਲੜਕੇ ਦੇ ਮੂੰਹ ’ਚੋਂ ਖੂਨ ਵਗੈਰਾ ਨਹੀਂ ਆ ਰਿਹਾ ਸੀ। ਉਸ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਵਿਅਕਤੀਆਂ ਨੇ ਉਸ ਦੇ ਪੁੱਤਰ ਨਾਲ ਮਾਰਕੁੱਟ ਕੀਤੀ ਅਤੇ ਸਿਰ ’ਤੇ ਸੱਟਾਂ ਮਾਰੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਉਸ ਦੇ ਦਿਓਰ ਨਾਲ ਰੰਜਿਸ਼ ਰੱਖਦੇ ਸਨ। ਉਸ ਨੇ ਮੰਗ ਕੀਤੀ ਕਿ ਉਕਤ ਵਿਅਕਤੀਆਂ ਖਿਲਾਫ਼ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸੁਖਦੇਵ ਸਿੰਘ ਦਾ ਕਤਲ ਕੀਤਾ ਗਿਆ ਹੈ।
ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ: ਏਐੱਸਆਈ
ਥਾਣਾ ਸਦਰ ਪੁਲੀਸ ਫਾਜ਼ਿਲਕਾ ਦੇ ਏਐੱਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਅਤੇ ਉਸ ਦੇ ਦੋ ਦੋਸਤ ਠੇਕੇ ਤੋਂ ਸ਼ਰਾਬ ਪੀ ਕੇ ਘਰ ਆਏ ਅਤੇ ਜਦੋਂ ਰੋਟੀ ਖਾਣ ਲੱਗੇ ਤਾਂ ਅਚਾਨਕ ਸੁਖਦੇਵ ਸਿੰਘ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।