ਜੋਗਿੰਦਰ ਸਿੰਘ ਮਾਨ
ਮਾਨਸਾ, 24 ਮਈ
ਮਾਲਵਾ ਖੇਤਰ ਵਿੱਚ ਬੀਤੀ ਸ਼ਾਮ ਆਏ ਜ਼ੋਰਦਾਰ ਮੀਂਹ ਅਤੇ ਝੱਖੜ ਕਾਰਨ ਦਰਜਨਾਂ ਪਿੰਡਾਂ ਵਿੱਚ ਘੁੱਪ-ਹਨ੍ਹੇਰਾ ਛਾ ਗਿਆ। ਦੇਰ ਸ਼ਾਮ ਆਏ ਮੀਂਹ ਅਤੇ ਝੱਖੜ ਨੇ ਪਾਵਰਕੌਮ ਦੀਆਂ ਬਿਜਲੀ ਵਾਲੀਆਂ ਸਪਲਾਈ ਲਾਈਨਾਂ ਬਿਠਾ ਧਰੀਆਂ। ਮੀਂਹ ਕਾਰਨ ਹੋਈ ਠੰਢ ਸਦਕਾ ਬੇਸ਼ੱਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਕੋਲ ਵਾਧੂ ਬਿਜਲੀ ਸੀ, ਪਰ ਇਸ ਬਿਜਲੀ ਦਾ ਦਿਹਾਤੀ ਖੇਤਰ ਦੇ ਬਹੁਤੇ ਪਿੰਡਾਂ ਨੂੰ ਕੋਈ ਲਾਭ ਨਹੀਂ ਹੋਇਆ। ਪਾਵਰਕੌਮ ਦੇ ਕਾਮੇ ਅੱਜ ਸਾਰਾ ਦਿਨ ਬਿਜਲੀ ਸੇਵਾ ਨੂੰ ਬਹਾਲ ਕਰਨ ਲਈ ਜੁੱਟੇ ਰਹੇ। ਅਨੇਕਾਂ ਪਿੰਡਾਂ ਵਿੱਚ ਦੇਰ ਸ਼ਾਮ ਤੱਕ ਬਿਜਲੀ ਸੇਵਾ ਬਹਾਲ ਨਾ ਹੋਣ ਦੀ ਜਾਣਕਾਰੀ ਮਿਲੀ ਹੈ, ਜਦੋਂਕਿ ਪਾਵਰ ਕਾਰਪੋਰੇਸ਼ਨ ਦਾ ਖੰਭੇ ਅਤੇ ਤਾਰਾਂ ਟੁੱਟਣ ਸਮੇਤ ਟਰਾਂਸਫਰਮ ਡਿੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪਾਵਰ ਕਾਰਪੋਰੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਝੱਖੜੇ ਕਾਰਨ ਖੇਤਾਂ ਵਿੱਚ ਲੱਗੇ ਹੋਏ ਖੰਭੇ ਟੁੱਟ ਗਏ ਹਨ ਅਤੇ ਤਾਰਾਂ ਦੀ ਸਪਾਰਕਿੰਗ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਸਭ ਤੋਂ ਪਹਿਲਾਂ ਲੋਕਾਂ ਲਈ ਬਿਜਲੀ ਸਪਲਾਈ ਬਹਾਲ ਕਰਨ ਦੇ ਆਦੇਸ਼ ਦੇ ਦਿੱਤੇ ਸਨ ਅਤੇ ਸ਼ਾਮ ਤੱਕ ਸਾਰੇ ਫੀਡਰਾਂ ਰਾਹੀਂ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ ਸੀ, ਪਰ ਇਸਦੇ ਬਾਵਜੂਦ ਬਿਜਲੀ ਬੰਦ ਰਹਿਣ ਨਾਲ ਪਾਵਰ ਕਾਰਪੋਰੇਸ਼ਨ ਦਾ ਵਿੱਤੀ ਨੁਕਸਾਨ ਹੋਇਆ ਹੈ ਜਦੋਂਕਿ ਖੰਭਿਆਂ, ਟਰਾਂਸਫਰਮਰਾਂ ਅਤੇ ਬਿਜਲੀ ਦੀਆਂ ਤਾਰਾਂ ਟੁੱਟਣ ਨਾਲ ਮਾਲੀ ਨੁਕਸਾਨੀ ਵੱਖਰਾ ਹੋਇਆ ਹੈ। ਇਸੇ ਦੌਰਾਨ ਪਾਵਰ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਿਹੜੇ ਖੇਤਰ ਵਿੱਚ ਝੱਖੜ ਅਤੇ ਹਨ੍ਹੇਰੀ ਨੇ ਤਾਰਾਂ ਅਤੇ ਖੰਭਿਆਂ ਨੂੰ ਤੋੜ ਦਿੱਤਾ ਸੀ, ਉੱਥੇ ਅੱਜ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰਾ ਦਿਨ ਕੱਲ੍ਹ ਅਤੇ ਅੱਜ ਕਰਮਚਾਰੀ ਖੇਤਾਂ ’ਚੋਂ ਲੰਘਦੀਆਂ ਤਾਰਾਂ ਦੇ ਨੁਕਸਾਂ ਨੂੰ ਦੂਰ ਕਰਨ ਲਈ ਅਤੇ ਟੁੱਟ ਹੋਏ ਖੰਭਿਆਂ ਨੂੰ ਜੋੜਨ ਸਮੇਤ ਟਰਾਂਸਫਾਰਮਰਾਂ ਤੋਂ ਸਪਲਾਈ ਦਰੁੱਸਤ ਕਰਦੇ ਰਹੇ। ਤੇਜ਼ ਝੱਖੜ ਅਤੇ ਹਵਾ ਨੇ ਕਈ ਮੁੱਖ ਮਾਰਗਾਂ ’ਤੇ ਦਰੱਖਤਾਂ ਨੂੰ ਪੁੱਟਕੇ ਸੁੱਟ ਦਿੱਤਾ ਜਿਸ ਨਾਲ ਆਵਾਜਾਈ ਵਿੱਚ ਵਿਘਨ ਪੈਣ ਦੇ ਨਾਲ-ਨਾਲ ਜੰਗਲਾਤ ਵਿਭਾਗ ਦੀ ਜਾਇਦਾਦ ਨੂੰ ਨੁਕਸਾਨ ਪੁੱਜਿਆ ਹੈ।