ਪੱਤਰ ਪ੍ਰੇਰਕ
ਮਾਨਸਾ, 22 ਜਨਵਰੀ
ਪੰਜਾਬ ਵਿੱਚ ਕੱਲ੍ਹ ਸ਼ਾਮ ਤੋਂ ਪੈਣ ਲੱਗੇ ਮੀਂਹ ਨੇ ਹਾੜ੍ਹੀ ਦੀਆਂ ਫ਼ਸਲਾਂ ਦਾ ਨੁਕਸਾਨ ਕਰਨਾ ਆਰੰਭ ਕਰ ਦਿੱਤਾ ਹੈ। ਹਵਾ ਤੇ ਮੀਂਹ ਨੇ ਸਰ੍ਹੋਂ ਅਤੇ ਛੋਲਿਆਂ ਸਮੇਤ ਹੋਰ ਫ਼ਲੀਦਾਰ ਫ਼ਸਲਾਂ ਨੂੰ ਝੰਬ ਸੁੱਟਿਆ ਹੈ। ਬਹੁਤ ਥਾਵਾਂ ’ਤੇ ਪਸ਼ੂਆਂ ਦਾ ਹਰਾ-ਚਾਰਾ ਤੇ ਸਬਜ਼ੀਆਂ ਖਰਾਬ ਹੋ ਗਈਆਂ। ਕਿਸਾਨਾਂ ਵੱਲੋਂ ਫ਼ਸਲਾਂ ਨੂੰ ਕੋਰੇ ਅਤੇ ਠੰਢ ਤੋਂ ਬਚਾਉਣ ਲਈ ਵਿਛਾਏ ਗਏ ਮਹਿੰਗੇ ਭਾਅ ਦੇ ਪੋਲੀਥੀਨ ਨੂੰ ਤੇਜ਼ ਹਵਾਂ ਨੇ ਉਡਾ ਦਿੱਤਾ ਹੈ। ਮੌਸਮ ਮਹਿਕਮੇ ਮੁਤਾਬਕ ਹੁਣ ਇਸ ਖੇਤਰ ਵਿੱਚ 23 ਅਤੇ 24 ਜਨਵਰੀ ਨੂੰ ਮੁੜ ਮੀਂਹ ਨਾਲ ਗਰਜ, ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਕਈ ਥਾਵਾਂ ’ਤੇ ਗੜੇ ਪੈਣ ਦਾ ਖ਼ਦਸ਼ਾ ਹੈ। ਮੌਸਮ ਮਹਿਕਮੇ ਦੀ ਰਿਪੋਰਟ ਵਿੱਚ ਮੀਂਹ ਦੇ ਨਾਲ-ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਤੇਜ਼ ਹਵਾਵਾਂ ਚੱਲਣ ਦੀ ਆਸ ਹੈ। ਮੌਸਮ ਵਿਗਿਆਨੀ ਡਾ. ਰਾਜ ਕੁਮਾਰ ਪਾਲ ਵੱਲੋਂ ਦੱਸਿਆ ਕਿ ਗਿਆ ਹੈ ਕਿ ਮਾਲਵਾ ਖੇਤਰ ਵਿੱਚ ਲਗਾਤਾਰ ਦੋ ਦਿਨ ਮੌਸਮ ਖਰਾਬ ਰਹਿ ਸਕਦਾ ਹੈ। ਮਾਨਸਾ ਨੇੜਲੇ ਪਿੰਡ ਫਫੜੇ ਭਾਈਕੇ ਦੇ ਸਰਪੰਚ ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਇਕਬਾਲ ਸਿੰਘ ਸਿੱਧੂ ਅਤੇ ਪਿੰਡ ਬੱਪੀਆਣਾ ਦੇ ਸਰਪੰਚ ਕੁਲਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਖੇਤਾਂ ਵਿੱਚ ਪਸ਼ੂਆਂ ਦੇ ਹਰੇ-ਚਾਰੇ ਵਜੋਂ ਖੜ੍ਹੀ ਬਰਸੀਮ ਨੂੰ ਤੇਜ਼ ਮੀਂਹ ਨੇ ਖੇਤਾਂ ਵਿੱਚ ਵਿਛਾ ਹੈ, ਇਸ ਦੇ ਹੁਣ ਪਾਣੀ ਭਰਨ ਨਾਲ ਜੜ੍ਹਾਂ ਗ਼ਲਣ ਦਾ ਖਦਸ਼ਾ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਯੂਰੀਆ ਖਾਦ ਦੀ ਘਾਟ ਕਾਰਨ ਬਹੁਤੇ ਕਿਸਾਨ ਲੋੜੀਂਦੀ ਖਾਦ ਨੂੰ ਖੇਤਾਂ ਵਿੱਚ ਨਹੀਂ ਪਾ ਸਕੇ ਹਨ, ਜਿਸ ਕਾਰਨ ਕਣਕਾਂ ਪਲੱਤਣ ਹੋਣ ਲੱਗੀਆਂ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਤੇਜ਼ ਹਨ੍ਹੇਰੀ ਨਾਲ ਸਬਜ਼ੀਆਂ ਦੀ ਫ਼ਸਲ ’ਤੇ ਪਾਇਆ ਕਾਗਜ਼ ਉਡਾ ਗਿਆ, ਜਿਥੇ ਸਬਜ਼ੀਆਂ ਦੀ ਫ਼ਸਲ ਨੁਕਸਾਨੀ ਗਈ ਹੈ, ਉਥੇ ਮਹਿੰਗੇ ਭਾਅ ਦਾ ਕਾਗਜ਼ ਵੀ ਨੁਕਸਾਨਿਆ ਗਿਆ। ਉਨ੍ਹਾਂ ਕਿਹਾ ਕਿ ਤੇਜ਼ ਹਨ੍ਹੇਰੀ ਨਾਲ ਕਾਫ਼ੀ ਕਾਗਜ਼ ਖ਼ਰਾਬ ਹੋ ਗਿਆ ਹੈ ਅਤੇ ਸਬਜ਼ੀਆਂ ਵੀ ਸ਼ਿਮਲਾ ਮਿਰਚ, ਖਰਬੂਜ਼ੇ, ਕੱਦੂ, ਖੀਰਾ ਤੋਰੀ ਵੀ ਨੂੰ ਨੁਕਸਾਨ ਹੋਇਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਦੱਸਿਆ ਕਿ ਮਾਲਵਾ ਖੇਤਰ ਦੇ ਕਿਸਾਨਾਂ ਲਈ ਹੁਣ ਹਰ ਤਰ੍ਹਾਂ ਦੀ ਖੇਤੀ ਲਈ ਪਾਣੀ ਲਾਉਣਾ ਬਿਲਕੁਲ ਬੰਦ ਕਰਨਾ ਚਾਹੀਦਾ ਹੈ ਅਤੇ ਖੇਤਾਂ ਵਿੱਚ ਅਗਲੇ ਦੋ-ਤਿੰਨ ਦਿਨ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਪੂਰਾ ਸੰਕੋਚ ਕਰਨਾ ਚਾਹੀਦਾ ਹੈ, ਜਦੋਂ ਕਿ ਕੱਟੀਆਂ ਹੋਈਆਂ ਫ਼ਸਲਾਂ ਨੂੰ ਖੁੱਲ੍ਹੇ ਅਸਮਾਨ ਥੱਲੇ ਨਹੀਂ ਰੱਖਿਆ ਜਾਣਾ ਚਾਹੀਦਾ ਹੈ।
ਮਾਲਵਾ ’ਚ ਠੰਢ ਦੇ ਰਿਕਾਰਡ ਟੁੱਟੇ
ਮਾਲਵਾ ਖੇਤਰ ਵਿੱਚ ਜਨਵਰੀ ਮਹੀਨੇ ਦੇ ਮੌਸਮ ਨੇ ਠੰਢ ਵਾਲੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਲਗਾਤਾਰ 10 ਦਿਨਾਂ ਤੋਂ ਲੋਕਾਂ ਨੇ ਸੂਰਜ ਦੇ ਦਰਸ਼ਨ ਨਹੀਂ ਕੀਤੇ ਹਨ ਅਤੇ ਇਹ ਠੰਢ ਰੁੱਕਣ ਦਾ ਨਾਂ ਨਹੀਂ ਲੈ ਰਹੀ ਹੈ। ਮੌਸਮ ਦੀ ਖਰਾਬੀ ਕਾਰਨ ਮਾਲਵਾ ਖੇਤਰ ਵਿਚ ਠੰਢ ਹੋਰ ਵਧਣ ਦੇ ਆਸਾਰ ਹਨ।