ਸਮਾਲਸਰ: ਪੰਜਾਬ ਵਿਚ ਭਾਵੇਂ ਕਰੋਨਾ ਮਹਾਂਮਾਰੀ ਦਾ ਦੌਰ ਮੱਠਾ ਪੈ ਗਿਆ ਹੈ ਪਰ ਕਰੋਨਾ ਵੈਕਸੀਨ ਲਗਵਾਉਣ ਵਾਲਿਆਂ ਦੀ ਭੀੜ ਵਧਣ ਲੱਗੀ ਹੈ ਅਤੇ ਕਰੋਨਾ ਨਿਯਮਾਂ ਦੀਆਂ ਸ਼ਰੇਆਮ ਉਲੰਘਣਾ ਹੋ ਰਹੀ ਹੈ। ਲੰਡੇ ਪਿੰਡ ਦੀਆਂ ਅਮਨ ਕੌਰ, ਪਰਮਜੀਤ ਕੌਰ ਨੇ ਦੱਸਿਆ ਕਿ ਉਹ ਆਪਣੀਆਂ ਹੋਰ ਸਾਥਣਾਂ ਨਾਲ ਸਵੇਰੇ ਹਸਪਤਾਲ ਖੁੱਲ੍ਹਦੇ ਹੀ ਲਾਈਨਾਂ ਵਿਚ ਲੱਗ ਗਈਆਂ ਤੇ ਕਰੀਬ ਸੌ ਤੋਂ ਵੀ ਵਧੇਰੇ ਲੋਕ ਲਾਈਨਾਂ ਵਿਚ ਜੁੜ ਗਏ ਅਤੇ ਸਿਹਤ ਕਰਮਚਾਰੀਆਂ ਵੱਲੋਂ ਤਿੰਨ ਥਾਵਾਂ ’ਤੇ ਪਰਚੀਆਂ ਕੱਟੀਆਂ ਜਾਣ ਲੱਗੀਆਂ। ਅਮਨ ਕੌਰ ਨੇ ਸਿਹਤ ਕਰਮਚਾਰੀਆਂ ’ਤੇ ਦੋਸ਼ ਲਾਇਆ ਕਿ ਪਹੁੰਚ ਵਾਲੇ ਲੋਕ ਬਿਨਾਂ ਲਾਈਨਾਂ ਵਿੱਚ ਲੱਗਣ ਤੋਂ ਹੀ ਵੈਕਸੀਨ ਲਗਵਾ ਕੇ ਮੁੜਦੇ ਰਹੇ ਪਰ ਉਨ੍ਹਾਂ ਨੂੰ ਦੁਪਹਿਰ ਤੱਕ ਵੈਕਸੀਨ ਨਹੀਂ ਮਿਲੀ ਤੇ ਉਹ ਖਾਲੀ ਹੱਥ ਵਾਪਸ ਆ ਗਈਆਂ। ਹਸਪਤਾਲ ਇੰਚਾਰਜ ਪਰਮਜੀਤ ਕੌਰ ਨਾਲ ਫੋਨ ’ਤੇ ਦੋ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। -ਪੱਤਰ ਪ੍ਰੇਰਕ