ਪੱਤਰ ਪ੍ਰੇਰਕ
ਜੈਤੋ, 31 ਅਕਤੂਬਰ
ਨਗਰ ਕੌਂਸਲ ਜੈਤੋ ਦੀ ਮੀਟਿੰਗ ’ਚ ਕਈ ਅਹਿਮ ਮੁੱਦਿਆਂ ’ਤੇ ਵਿਚਾਰ-ਚਰਚਾ ਹੋਈ। ਇਸ ਵਾਰ ਮੀਟਿੰਗ ਦਾ ਸੁਖਦ ਪੱਖ ਇਹ ਸੀ ਕਿ ਮਤਭੇਦਾਂ ਦੇ ਬਾਵਜੂਦ ਕੌਂਸਲਰਾਂ ਦੇ ਧੜਿਆਂ ਨੇ ਤਹਿਜ਼ੀਬ-ਯਾਫ਼ਤਾ ਢੰਗ ਨਾਲ ਮਿਲ- ਬੈਠ ਕੇ ਏਜੰਡੇ ਦੀਆਂ ਮਦਾਂ ’ਤੇ ਵਿਚਾਰ ਕਰ ਕੇ ਪ੍ਰਵਾਨਗੀ ਦਿੱਤੀ। ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਪ੍ਰਧਾਨ ਸੁਰਜੀਤ ਸਿੰਘ ਬਾਬਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਕੌਂਸਲ ਦੀਆਂ ਵੱਖ-ਵੱਖ ਸ਼ਾਖ਼ਾਵਾਂ ਲਈ ਸਟੇਸ਼ਨਰੀ ਦੀ ਖ਼ਰੀਦ, ਕੁਝ ਕਿਰਾਏਦਾਰਾਂ ਨੂੰ ਕੌਂਸਲ ਦੀਆਂ ਨੀਵੀਆਂ ਹੋ ਚੁੱਕੀਆਂ ਦੁਕਾਨਾਂ ਦੀਆਂ ਛੱਤਾਂ ਅਤੇ ਫ਼ਰਸ਼ਾਂ ਉੱਚੀਆਂ ਚੁੱਕਣ ਦੀ ਪ੍ਰਵਾਨਗੀ ਦੇਣ, ਕੌਂਸਲ ਦੇ ਕੁਝ ਕਰਮਚਾਰੀਆਂ ਦੇ ਬਣਦੇ ਲਾਭਾਂ ਨੂੰ ਪ੍ਰਵਾਨਗੀ ਦੇਣ, ਕੌਂਸਲ ਦੇ ਇੱਕ ਮਰਹੂਮ ਕਰਮਚਾਰੀ ਦੇ ਪਰਿਵਾਰਕ ਜੀਅ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦੇਣ, ਕੌਂਸਲ ਦੀ ਜਗ੍ਹਾ ’ਤੇ ਕਾਬਜ਼ ਛੱਜਘਾੜਾ ਅਤੇ ਕਾਲੀ ਮਾਤਾ ਮੰਦਰ ਨੇੜਲੀਆਂ ਗਰੀਬ ਬਸਤੀਆਂ ਦੇ ਕ੍ਰਮਵਾਰ 72 ਅਤੇ 71 ਯੋਗ ਪਰਿਵਾਰਾਂ ਨੂੰ ਮਾਲਕਾਨਾ ਹੱਕ ਦੇਣ ਸਬੰਧੀ ਮਦਾਂ ’ਤੇ ਚਰਚਾ ਹੋਈ। ਮੀਟਿੰਗ ਵਿੱਚ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਦਾਸ ਸਿੰਘ, ਮੀਤ ਪ੍ਰਧਾਨ ਜਤਿੰਦਰ ਕੁਮਾਰ, ਕੌਂਸਲਰ ਸੁਮਨ ਦੇਵੀ ਗਰਗ, ਡਾ. ਹਰੀਸ਼ ਚੰਦਰ, ਡਾ. ਬਲਵਿੰਦਰ ਸਿੰਘ, ਤੁਲਸੀ ਰਾਮ ਬਾਂਸਲ, ਸੀਮਾ ਰਾਣੀ, ਨਰਿੰਦਰਪਾਲ ਸਿੰਘ, ਜਸਵੀਰ ਕੌਰ, ਗੁਰਜੀਤ ਕੌਰ, ਹਰਪ੍ਰੀਤ ਕੌਰ, ਰਜਨੀ ਰਾਣੀ ਤੇ ਖ਼ੁਸ਼ੀ ਰਾਮ ਸਮੇਤ ਕੁੱਲ 16 ਕੌਂਸਲਰ ਹਾਜ਼ਰ ਦੱਸੇ ਗਏ।