ਪੱਤਰ ਪ੍ਰੇਰਕ
ਸਰਦੂਲਗੜ੍ਹ, 4 ਜੁਲਾਈ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਸਰਦੂਲਗੜ੍ਹ ਤਹਿਸੀਲ ਕਮੇਟੀ ਦੀ ਜੱਥੇਬੰਦਕ ਕਾਨਫਰੰਸ ‘ਕਿਸਾਨ ਘੋਲ ਦੇ ਸ਼ਹੀਦਾਂ ਨੂੰ ਸਮਰਪਿਤ ਹਾਲ’ ਸਰਦੂਲਗੜ੍ਹ ਵਿੱਚ ਹੋਈ। ਕਾਨਫਰੰਸ ਪਾਰਟੀ ਦੇ ਬਜ਼ੁਰਗ ਆਗੂ ਮਾਸਟਰ ਹਰਜੰਟ ਸਿੰਘ ਵੱਲੋਂ ਪਾਰਟੀ ਦਾ ਝੰਡਾ ਲਹਿਰਾ ਕੇ ਇਨਕਲਾਬੀ ਨਾਅਰਿਆਂ ਨਾਲ ਸ਼ੁਰੂ ਹੋਈ। ਕਾਨਫਰੰਸ ਦਾ ਉਦਘਾਟਨ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸਾਥੀ ਛੱਜੂ ਰਾਮ ਰਿਸ਼ੀ ਨੇ ਕੀਤਾ। ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਵਰਤਮਾਨ ਰਾਜਸੀ ਅਵਸਥਾ ਵਿੱਚ ਕਿਰਤੀ ਅੰਦੋਲਨ ਸਨਮੁੱਖ ਚੁਣੌਤੀਆਂ ਅਤੇ ਪਾਰਟੀ ਦੇ ਭਵਿੱਖੀ ਕਾਰਜਾਂ ਬਾਬਤ ਰੋਸ਼ਨੀ ਪਾਈ। ਓਮ ਪ੍ਰਕਾਸ਼ ਝੰਡਾ ਕਲਾਂ, ਰਾਮ ਕਿਸ਼ਨ ਭਾਰਤੀ, ਸੁਰੇਸ਼ ਕੁਮਾਰ ਖੈਰਾ ਖੁਰਦ, ਰਵਿੰਦਰ ਸਿੰਘ ਲੋਹਗੜ੍ਹ, ਮਨਪ੍ਰੀਤ ਸਿੰਘ ਨੇ ਪਾਰਟੀ ਦੀ ਮਜ਼ਬੂਤੀ ਲਈ ਸੁਝਾਅ ਪੇਸ਼ ਕੀਤੇ। ਪਾਰਟੀ ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਲਾਲ ਚੰਦ ਵੱਲੋਂ ਪੇਸ਼ ਕੀਤੇ ਗਏ ਪੈਨਲ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰਦਿਆਂ ਹਾਊਸ ਨੇ ਪਾਰਟੀ ਦਾ ਕੰਮ ਸੁਚਾਰੂ ਰੂਪ ਵਿੱਚ ਚਲਾਉਣ ਲਈ ਸੱਤ ਮੈਂਬਰੀ ਨਵੀਂ ਕਮੇਟੀ ਚੁਣੀ। ਇਸ ਦੇ ਪ੍ਰਧਾਨ ਰਣਬੀਰ ਕੁਮਾਰ ਜੈਨ, ਸਕੱਤਰ ਗੁਰਦੇਵ ਸਿੰਘ ਲੋਹਗੜ੍ਹ ਅਤੇ ਖਜ਼ਾਨਚੀ ਮਨਦੀਪ ਸਿੰਘ ਚੁਣੇ ਗਏ।