ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 16 ਅਪਰੈਲ
ਗੈਸ ਪਾਈਪਲਾਈਨ ਦੇ ਮੁਆਵਜ਼ੇ ਸਬੰਧੀ ਪ੍ਰਸ਼ਾਸਨ ਦੀ ਵਿਚੋਲਗੀ ਨਾਲ ਗੈਸ ਕੰਪਨੀ ਅੇ ਸੰਘਰਸ਼ਕਾਰੀ ਕਿਸਾਨਾਂ ਦਰਮਿਆਨ ਮੀਟਿੰਗ ਹੋਈ। ਇਸ ਮੀਟਿੰਗ ’ਚ ਮੁਆਵਜ਼ੇ ਦੀਆਂ ਕੁੱਝ ਮਦਾਂ ਬਾਰੇ ਲਿਖ਼ਤੀ ਸਮਝੌਤਾ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਨੁਸਾਰ ਸੰਘਰਸ਼ਕਾਰੀਆਂ ਤੇ ਪ੍ਰਸ਼ਾਸਨ ਦਰਮਿਆਨ ਗੱਲਬਾਤ ਹੋਈ, ਜਿਸ ਡਿਪਟੀ ਕਮਿਸ਼ਨਰ ਬਠਿੰਡਾ, ਏਡੀਸੀ (ਜਨਰਲ) ਅਤੇ ਗੈਸ ਪਾਈਪ ਲਾਈਨ ਦੇ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਵਿੱਚ ਲਿਖ਼ਤੀ ਤੈਅ ਹੋਇਆ ਕਿ ਗੈਸ ਪਾਈਪ ਲਾਈਨ ਦਾ ਮੁਆਵਜ਼ਾ 21 ਲੱਖ ਰੁਪਏ ਤੋਂ ਲੈ ਕੇ 25.20 ਲੱਖ ਪ੍ਰਤੀ ਏਕੜ ਦੇ ਹਿਸਾਬ ਦੇਣਾ ਤੈਅ ਹੋਇਆ। ਇਸ ਤੋਂ ਇਲਾਵਾ ਫ਼ਸਲਾਂ, ਦਰਖ਼ਤ, ਮੋਟਰ, ਕਮਰੇ ਦਾ ਮੁਆਵਜ਼ਾ ਵੱਖ ਦਿੱਤਾ ਜਾਵੇਗਾ। ਇਹ ਤੈਅ ਹੋਇਆ ਕਿ ਜਿਨ੍ਹਾਂ ਖੇਤਾਂ ਵਿੱਚੋਂ ਪਾਈਪ ਲਾਈਨ ਪਾਈ ਜਾ ਚੁੱਕੀ ਹੈ, ਉਨ੍ਹਾਂ ਸਾਰੇ ਕਿਸਾਨਾਂ ਨੂੰ ਵੀ ਇੰਨਾ ਹੀ ਮੁਆਵਜ਼ਾ ਦਿੱਤਾ ਜਾਵੇਗਾ। ਕਿਸਾਨਾਂ ਦੇ ਵਫ਼ਦ ’ਚ ਸ਼ਿੰਗਾਰਾ ਸਿੰਘ ਮਾਨ, ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ ਅਤੇ ਨਛੱਤਰ ਸਿੰਘ ਢੱਡੇ ਸ਼ਾਮਿਲ ਹੋਏ। ਆਗੂਆਂ ਨੇ ਦੋਸ਼ ਲਾਇਆ ਕਿ ਅੱਜ ਦੇ ਲਿਖ਼ਤੀ ਸਮਝੌਤੇ ਲਾਗੂ ਕਰਨ ਦੀ ਬਜਾਏ ਤਲਵੰਡੀ ਸਾਬੋ ਨੇੜਿਓਂ ਲੰਘਦੀ ਗੈਸ ਪਾਈਪ ਲਾਈਨ ਕੰਪਨੀ ਵੱਲੋਂ ਕੁਝ ਕਿਸਾਨ ਆਗੂਆਂ ਨੂੰ ਸੰਮਨ ਭਿਜਵਾਏ ਗਏ ਹਨ। ਉਨ੍ਹਾਂ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਪੁਲੀਸ ਕੇਸਾਂ ਅਤੇ ਅਦਾਲਤਾਂ ਦਾ ਡਰ ਦਿਖਾ ਕੇ, ਕੰਪਨੀ ਕਿਸਾਨਾਂ ਨੂੰ ਮੁਆਵਜ਼ੇ ਲਈ ਸੰਘਰਸ਼ ਕਰਨ ਤੋਂ ਰੋਕ ਨਹੀਂ ਸਕਦੀ।
ਇਸ ਦੌਰਾਨ 4 ਅਪਰੈਲ ਤੋਂ ਇੱਥੇ ਮਿਨੀ ਸਕੱਤਰੇਤ ਸਾਹਮਣੇ ਚੱਲ ਰਿਹਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਾ ਬੇਮਿਆਦੀ ਧਰਨਾ ਅੱਜ ਵੀ ਜਾਰੀ ਰਿਹਾ।