ਜੋਗਿੰਦਰ ਸਿੰਘ ਮਾਨ
ਮਾਨਸਾ, 23 ਜੂਨ
ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ ਲੰਘਣ ਦੇ ਬਾਵਜੂਦ ਮਾਨਸਾ ਵਿਚ ਕਿਸੇ ਨੇ ਵੀ ਗਰੀਬ ਮਜ਼ਦੂਰ ਬੱਚਿਆਂ ਦੀ ਸਾਰ ਨਾ ਲਈ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਜਾਂ ਕਿਸੇ ਸੰਸਥਾ ਨੇ ਉਨ੍ਹਾਂ ਲਈ ਹਾਅ ਦਾ ਨਾਅਰਾ ਮਾਰਿਆ। ਕਈ ਦਿਨ ਪਹਿਲਾਂ ਲੰਘੇ ਇਸ ਦਿਹਾੜੇ ਉਪਰ ਸਭ ਅਧਿਕਾਰੀ, ਸਿਆਸੀ ਆਗੂ, ਧਾਰਮਿਕ ਪ੍ਰਚਾਰਕ, ਸਮਾਜ ਸੇਵੀ ਆਪਣੇ ਵਿਚ ਮਸਤ ਰਹੇ ਅਤੇ ਕਿਸੇ ਨੇ ਵੀ ਉਸ ਦਿਨ ਅਮਲੀ ਰੂਪ ਵਿਚ ਬਾਲ ਮਜ਼ਦੂਰਾਂ ਲਈ ਕੁੱਝ ਵੀ ਨਾ ਕੀਤਾ। ਐਸੋਸੀਏਸ਼ਨ ਫਾਰ ਸਿਟੀਜ਼ਨ ਰਾਈਟਸ ਦੇ ਪ੍ਰਧਾਨ ਗੁਰਤੇਜ਼ ਸਿੰਘ ਜਗਰੀ ਅਤੇ ਜਨਰਲ ਸਕੱਤਰ ਐਡਵੋਕੇਟ ਈਸ਼ਵਰ ਦਾਸ ਗੋਇਲ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਸੈਂਕੜੇ ਬੱਚਿਆਂ ਨੂੰ ਕਦੇ ਸਕੂਲ ਨਸੀਬ ਨਹੀਂ ਹੋਇਆ ਤੇ ਜ਼ਿਲ੍ਹੇ ਦੇ ਅਧਿਕਾਰੀ ਇਨ੍ਹਾਂ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਘੇਸਲ ਵੱਟੀ ਬੈਠੇ ਹਨ। ਅਧਿਕਾਰੀਆਂ ਦੀ ਇਸ ਸੁਸਤੀ ਕਾਰਨ ਮਾਨਸਾ ਜ਼ਿਲ੍ਹੇ ਵਿਚ ਬਾਲ-ਮਜ਼ਦੂਰੀ ਵੀ ਲਗਾਤਾਰ ਵੱਧਣ ਲੱਗੀ ਹੈ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਲ ਮਜ਼ਦੂਰੀ ਨੂੰ ਠੱਲ੍ਹ ਪਾਉਣ ਲਈ 30 ਜੂਨ ਤੱਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ 30 ਜੂਨ ਤੱਕ ਵਿੱਢੀ ਗਈ ਇਸ ਮੁਹਿੰਮ ਤਹਿਤ ਟੀਮਾਂ ਵੱਲੋਂ ਜ਼ਿਲੇ ਦੀਆਂ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕੀਤੀ ਜਾ ਰਹੀ ਹੈ।