ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 1 ਦਸੰਬਰ
ਐੱਸਡੀ ਕਾਲਜ ਵਿੱਚ ਦੋ ਰੋਜ਼ਾ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਸ਼ਤਰੰਜ ਮੁਕਾਬਲੇ (ਲੜਕੇ-ਲੜਕੀਆਂ) ਸਮਾਪਤ ਹੋ ਗਏ। ਲੜਕਿਆਂ ਦੇ ਵਰਗ ’ਚ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਬਾਜ਼ੀ ਮਾਰੀ ਜਦਕਿ ਮੇਜ਼ਬਾਨ ਐੱਸਡੀ ਕਾਲਜ ਨੂੰ ਦੂਜਾ ਅਤੇ ਯੂਨੀਵਰਸਿਟੀ ਕੈਂਪਸ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ। ਲੜਕੀਆਂ ਦੇ ਵਰਗ ਵਿਚ ਐਸ ਡੀ ਕਾਲਜ ਦੀ ਟੀਮ ਚੈਂਪੀਅਨ ਬਣੀ। ਯੂਨੀਵਰਸਿਟੀ ਕੈਂਪਸ ਦੀ ਟੀਮ ਨੂੰ ਦੂਜਾ ਅਤੇ ਗੁਰੂ ਨਾਨਕ ਕਾਲਜ ਬੁਢਲਾਡਾ ਨੂੰ ਤੀਜਾ ਸਥਾਨ ਮਿਲਿਆ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਐਸ ਡੀ ਕਾਲਜ ਐਜੂਕੇਸ਼ਨਲ ਸੁਸਾਇਟੀ ਦੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਨੇ ਅਦਾ ਕੀਤੀ। ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਸੰਸਥਾ ਦੇ ਖੇਡ ਅਧਿਆਪਕਾਂ ਡਾ. ਬਹਾਦਰ ਸਿੰਘ, ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਅਤੇ ਪ੍ਰੋ. ਜਸਵਿੰਦਰ ਕੌਰ ਨੂੰ ਵਧਾਈ ਦਿੱਤੀ। ਮੁਕਾਬਲੇ ਦੇ ਪ੍ਰਬੰਧਕੀ ਸਕੱਤਰ ਡਾ. ਬਹਾਦਰ ਸਿੰਘ ਨੇ ਧੰਨਵਾਦੀ ਸ਼ਬਦ ਕਹੇ। ਸਟੇਜ ਸੰਚਾਲਨ ਡਾ. ਤਰਸਪਾਲ ਕੌਰ ਨੇ ਕੀਤਾ। ਮੁਕਾਬਲਿਆਂ ਤੋਂ ਬਾਅਦ ਯੂਨੀਵਰਸਿਟੀ ਟੀਮ ਲਈ ਖਿਡਾਰੀਆਂ ਦੇ ਟਰਾਇਲ ਲਏ ਗਏ।