ਲਖਵੀਰ ਸਿੰਘ ਚੀਮਾ
ਟੱਲੇਵਾਲ, 15 ਜੂਨ
ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਵਿੱਚ ਬਲੈਕ ਫ਼ੰਗਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਹੈ। ਡਾ. ਕਰਮਜੀਤ ਸਿੰਘ ਵੜੈਚ ਨੇ ਦੱਸਿਆ ਕਿ ਉਸ ਦੀ ਚਾਚੀ ਜਸਵੀਰ ਕੌਰ (60) ਪਤਨੀ ਗੁਰਮੇਲ ਸਿੰਘ ਵੜੈਚ ਕਰੀਬ ਪੰਦਰਾਂ ਦਿਨ ਪਹਿਲਾਂ ਕਰੋਨਾ ਪਾਜ਼ੇਟਿਵ ਹੋ ਗਈ ਸੀ। ਉਸ ਨੂੰ ਪਹਿਲਾਂ ਬਰਨਾਲਾ ਅਤੇ ਬਾਅਦ ਵਿੱਚ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਸ ਨੂੰ ਅੱਖ ’ਚ ਤਕਲੀਫ਼ ਦੀ ਸਮੱਸਿਆ ਪੈਦਾ ਹੋਈ। ਡਾਕਟਰਾਂ ਨੇ ਰਿਪੋਰਟਾਂ ਦੇਖਣ ਉਪਰੰਤ ਦੱਸਿਆ ਕਿ ਮਾਤਾ ਨੂੰ ਬਲੈਕ ਫ਼ੰਗਸ ਹੋ ਗਈ ਹੈ। ਇਸ ਦੇ ਚੱਲਦਿਆਂ ਬੀਤੀ ਰਾਤ ਜਸਵੀਰ ਕੌਰ ਦੀ ਮੌਤ ਹੋ ਗਈ।
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਜ਼ਿਲ੍ਹੇ ਵਿੱਚ ਅੱਜ 17 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਹਨ ਤੇ 3 ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਵੇਰਵਿਆਂ ਅਨੁਸਾਰ ਮਾਨਸਾ ਵਿੱਚ 1, ਬੁਢਲਾਡਾ 5, ਖਿਆਲਾ ਕਲਾਂ 7 ਅਤੇ ਸਰਦੂਲਗੜ੍ਹ ਵਿੱਚ 4 ਕਰੋਨਾ ਕੇਸ ਆਏ ਹਨ। ਅਤੇ ਹੁਣ ਤੱਕ 232048 ਵਿਅਕਤੀਆਂ ਦੇ ਕੋਰੋਨਾ ਸੈਂਪਲ ਇਕੱਤਰ ਕੀਤੇ ਜਾ ਚੁੱਕੇ ਹਨ। ਇਸੇ ਦੌਰਾਨ ਪਿੰਡ ਫੁੱਲੂਵਾਲਾ ਡੋਗਰਾ ਨੂੰ ਕੰਟੇਨਮੈਂਟ ਜ਼ੋਨ ਤੋਂ ਮੁਕਤ ਕੀਤਾ ਗਿਆ ਹੈ ਅਤੇ ਪਿਛਲੇ ਪੰਜ ਦਿਨਾਂ ਵਿੱਚ ਕਰੋਨਾ ਦਾ ਕੋਈ ਮਰੀਜ਼ ਨਾ ਆਉਣ ਕਰਕੇ ਪਿੰਡ ਫਫੜੇ ਭਾਈਕੇ ਨੂੰ ਵੀ ਕੰਟੇਨਮੈਂਟ ਜ਼ੋਨ ਤੋਂ ਮੁਕਤ ਕੀਤਾ ਗਿਆ ਹੈ।
ਕਰੋਨਾ ਪਾਜ਼ੇਟਿਵ ਹਵਾਲਾਤੀ ਕੋਵਿਡ ਸੈਂਟਰ ਵਿੱਚੋਂ ਫਰਾਰ
ਹੰਡਿਆਇਆ (ਕੁਲਦੀਪ ਸੂਦ): ਕੋਵਿਡ ਸੈਂਟਰ ਸੋਹਲ ਪੱਤੀ ਹੰਡਿਆਇਆ ਵਿੱਚ ਦਾਖਲ ਕਰੋਨਾ ਪਾਜ਼ੇਟਿਵ ਹਵਾਲਾਤੀ ਫਰਾਰ ਹੋ ਗਿਆ ਹੈ| ਪੁਲੀਸ ਚੌਕੀ ਹੰਡਿਆਇਆ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਜਤਿੰਦਰ ਕੁਮਾਰ ਵਿੱਕੀ ਵਾਸੀ ਸੰਧੂ ਪੱਤੀ ਬਰਨਾਲਾ ਖ਼ਿਲਾਫ਼ 30 ਮਈ ਨੂੰ ਲੁੱਟ-ਖੋਹ, ਅਸਲਾ ਐਕਟ ਤੇ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ| ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ 5 ਜੂਨ ਨੂੰ ਕੋਵਿਡ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਥੋਂ ਉਹ ਫਰਾਰ ਹੋ ਗਿਆ। ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ।