ਜਸਵੰਤ ਜੱਸ
ਫ਼ਰੀਦਕੋਟ, 3 ਮਈ
ਹਾੜ੍ਹੀ ਦੇ ਸੀਜ਼ਨ ਦੌਰਾਨ ਖਰੀਦ ਕੀਤੀ ਗਈ ਕਣਕ ਕਥਿਤ ਤੌਰ ‘ਤੇ ਗੋਦਾਮਾਂ ਵਿੱਚ ਸਟੋਰ ਕਰਨ ਮੌਕੇ ਸਾਫ਼ ਨਹੀਂ ਕੀਤੀ ਗਈ ਅਤੇ ਇਹ ਕਣਕ ਮਿੱਟੀ ਅਤੇ ਬੱਜਰੀ-ਰੋੜੀ ਸਮੇਤ ਹੀ ਬੋਰੀਆਂ ਵਿੱਚ ਭਰ ਕੇ ਗੋਦਾਮਾਂ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ। ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਅੱਜ ਇੱਥੇ ਪਨਗਰੇਨ ਦੇ ਇੱਕ ਓਪਨ ਪੁਲੰਥ ਉੱਪਰ ਛਾਪਾ ਮਾਰਿਆ ਜਿੱਥੇ ਚਾਰ ਲੱਖ ਤੋਂ ਵੱਧ ਕਣਕ ਦੀ ਬੋਰੀ ਸਟੋਰ ਕੀਤੀ ਗਈ ਹੈ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਸ ਪੁਲੰਥ ਦੇ ਦੌਰੇ ਤੋਂ ਪਤਾ ਲੱਗਾ ਹੈ ਕਿ ਇੱਥੇ ਛੇ ਸਾਲ ਪੁਰਾਣਾ ਬਾਰਦਾਨਾ ਵੀ ਵਰਤਿਆ ਗਿਆ ਹੈ ਅਤੇ ਕਣਕ ਜਮ੍ਹਾਂ ਕਰਨ ਵੇਲੇ ਇਸ ਦੀ ਸਾਫ਼ ਸਫ਼ਾਈ ਨਹੀਂ ਕੀਤੀ ਗਈ ਅਤੇ ਬੋਰੀਆਂ ਵਿੱਚ ਭਰੀ ਗਈ ਕਣਕ ਵਿੱਚ ਰੋੜੀ, ਮਿੱਟੀ ਆਦਿ ਸਾਫ਼ ਨਜ਼ਰ ਆਉਂਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਖਰੀਦੀ ਗਈ ਕਣਕ ਨੂੰ ਸਾਫ਼ ਕਰਕੇ ਬੋਰੀਆਂ ਵਿੱਚ ਭਰਨ ਲਈ ਬਕਾਇਦਾ ਤੌਰ ਤੇ ਫੰਡ ਜਾਰੀ ਕੀਤੇ ਸਨ ਪਰੰਤੂ ਇਸ ਦੇ ਬਾਵਜੂਦ ਅਧਿਕਾਰੀਆਂ ਨੇ ਆਪਣੀ ਜਿੰਮੇਵਾਰੀ ਨਹੀਂ ਨਿਭਾਈ। ਪਨਗਰੇਨ ਵਿਭਾਗ ਦੇ ਇੰਸਪੈਕਟਰ ਕੁਲਦੀਪ ਸਿੰਘ ਨੇ ਕਿਹਾ ਕਿ ਅਨਾਜ ਨੂੰ ਸਟੋਰ ਕਰਨ ਵਿੱਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਨਹੀਂ ਵਰਤੀ ਗਈ। ਉਨ੍ਹਾਂ ਕਿਹਾ ਕਿ ਕੁਝ ਬੋਰੀਆਂ ਵਿੱਚ ਕਣਕ ਦੇ ਨਾਲ-ਨਾਲ ਮਿੱਟੀ ਅਤੇ ਰੋੜੀ ਹੋਣ ਦੀ ਸ਼ਿਕਾਇਤ ਮਿਲੀ ਹੈ।