ਪੱਤਰ ਪ੍ਰੇਰਕ
ਮਾਨਸਾ, 1 ਫਰਵਰੀ
ਮਾਲਵਾ ਖੇਤਰ ਵਿੱਚ ਮੌਸਮ ਅਗਲੇ 48 ਘੰਟਿਆਂ ਵਿੱਚ ਮੁੜ ਵਿਗੜਨ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ 2 ਤੋਂ 4 ਫਰਵਰੀ ਤੱਕ ਬੱਦਲਵਾਈ ਦੇ ਆਸਾਰ ਹਨ ਅਤੇ 3 ਅਤੇ 4 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਮਾਲਵਾ ਜ਼ਿਲ੍ਹੇ ਵਿੱਚ ਸੰਘਣੀ ਧੁੰਦ ਅਤੇ ਠੰਢਾ ਮੌਸਮ ਬਣਿਆ ਹੋਇਆ ਹੈ ਪਰ 2 ਫਰਵਰੀ ਤੋਂ ਅਸਮਾਨੀਂ ਬਿਜਲੀ ਚਮਕਣ ਦੇ ਆਸਾਰ ਹਨ ਜਦੋਂ ਕਿ ਧੁੰਦ ਪੈਣ ਦੀਆਂ ਸੰਭਾਵਨਾਵਾਂ ਘੱਟ ਹਨ। ਉਨ੍ਹਾਂ ਕਿਹਾ ਕਿ 5 ਫਰਵਰੀ ਨੂੰ ਮੌਸਮ ਦੇ ਸਾਫ਼ ਹੋਣ ਦੀ ਸੰਭਾਵਨਾ ਹੈ। ਹਲਕੇ ਅਤੇ ਦਰਮਿਆਨੇ ਮੀਂਹ ਨਾਲ ਮਾਲਵਾ ਖੇਤਰ ਵਿੱਚ ਠੰਢ ਦਾ ਪ੍ਰਕੋਪ ਹੋਰ ਵਧਣ ਦੀ ਸੰਭਾਵਨਾ ਹੈ। ਅੱਜ ਕਈ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਤੋਂ ਘੱਟ ਨੋਟ ਕੀਤਾ ਗਿਆ ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 5.9 ਤੋਂ 9.5 ਡਿਗਰੀ ਤੱਕ ਦਰਜ ਕੀਤਾ ਗਿਆ।