ਪਵਨ ਗੋਇਲ
ਭੁੱਚੋ ਮੰਡੀ, 14 ਸਤੰਬਰ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਕਿਸਾਨਾਂ ਦੇ ਕਥਿਤ ਤੌਰ ’ਤੇ 4.60 ਕਰੋੜ ਰੁਪਏ ਹੜੱਪਣ ਵਾਲੇ ਆੜ੍ਹਤੀ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਪਿੰਡ ਲਹਿਰਾ ਬੇਗਾ ਨਜ਼ਦੀਕ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਅਣਮਿਥੇ ਸਮੇਂ ਲਈ ਜਾਮ ਲਗਾਇਆ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਰਾਮਪੁਰਾ ਫੂਲ ਦੇ ਆੜ੍ਹਤੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ ਅਤੇ ਕਿਸਾਨਾਂ ਦੇ ਰੁਪਏ ਵਾਪਸ ਦਿਵਾਏ ਜਾਣ। ਕਿਸਾਨਾਂ ਨੇ ਸੜਕ ’ਤੇ ਟੈਂਟ, ਪੱਖੇ ਅਤੇ ਚਾਹ ਦੇ ਲੰਗਰ ਦਾ ਪੱਕਾ ਪ੍ਰਬੰਧ ਕੀਤਾ ਹੋਇਆ ਸੀ। ਇਸ ਜਾਮ ਵਿੱਚ ਸਮੁੱਚੇ ਜ਼ਿਲ੍ਹੇ ਦੇ ਕਿਸਾਨ ਅਤੇ ਬੀਬੀਆਂ ਸ਼ਾਮਲ ਸਨ। ਕਿਸਾਨਾਂ ਵੱਲੋਂ ਭਾਵੇਂ ਸਕੂਲ ਵੈਨਾਂ ਅਤੇ ਐਂਬੂਲੈਂਸਾਂ ਨੂੰ ਛੋਟ ਦਿੱਤੀ ਗਈ ਪਰ ਰਸਤਿਆਂ ਤੋਂ ਅਣਜਾਣ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਡੀਐੱਸਪੀ ਰਛਪਾਲ ਸਿੰਘ ਅਤੇ ਐੱਸਐੱਚਓ ਬਿਕਰਮਜੀਤ ਸਿੰਘ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਪਰ ਖ਼ਬਰ ਲਿਖੇ ਜਾਣ ਤੱਕ ਮਾਮਲਾ ਕਿਸੇ ਤੱਣ ਪੱਤਣ ਨਹੀਂ ਸੀ ਲੱਗ ਸਕਿਆ।
ਜਾਮ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਦੱਸਿਆ ਕਿ ਕਿਹਾ ਕਿ ਕਿਸਾਨਾਂ ਵੱਲੋਂ ਰੁਪਏ ਮੰਗੇ ਜਾਣ ’ਤੇ ਆੜ੍ਹਤੀ ਲਾਰੇ ਲੱਪੇ ਲਗਾਉਂਦਾ ਰਿਹਾ। ਉਨ੍ਹਾਂ ਕਿਹਾ ਕਿ ਆੜ੍ਹਤੀ ਆਪਣੇ ਘਰ ਦੇ ਬਾਹਰ ਤਾਲਾ ਲਗਾ ਕੇ ਆਪ ਅੰਦਰ ਬੈਠ ਜਾਂਦਾ ਸੀ। ਕਿਸਾਨਾਂ ਨੇ ਨਜ਼ਰਸਾਨੀ ਕਰਕੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਆੜ੍ਹਤੀ ਖ਼ਿਲਾਫ਼ ਕੇਸ ਤਾਂ ਦਰਜ ਕਰ ਲਿਆ ਪਰ ਹਾਲੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਇਸ ਮੌਕੇ ਜੱਥੇਬੰਦੀ ਦੇ ਸੂਬਾਈ ਸਕੱਤਰ ਕਾਕਾ ਸਿੰਘ ਕੋਟੜਾ, ਜ਼ਿਲ੍ਹਾ ਆਗੂ ਰੇਸ਼ਮ ਸਿੰਘ, ਮੌੜ ਬਲਾਕ ਦੇ ਪ੍ਰਧਾਨ ਬਲਵਿੰਦਰ ਸਿੰਘ ਜੋਧਪੁਰ, ਤਲਵੰਦੀ ਦੇ ਮਹਿਮਾ ਸਿੰਘ, ਸੰਗਤ ਮੰਡੀ ਦੇ ਜ਼ਬਰਜੰਗ ਸਿੰਘ, ਨਥਾਣਾ ਦੇ ਅੰਗਰੇਜ਼ ਸਿੰਘ, ਰਾਮਪੁਰਾ ਦੇ ਭੋਲਾ ਸਿੰਘ ਕੋਟੜਾ, ਔਰਤ ਵਿੰਗ ਦੀ ਬਠਿੰਡਾ ਇਕਾਈ ਦੀ ਪ੍ਰਧਾਨ ਅਮਰਜੀਤ ਕੌਰ ਅਤੇ ਧੂਰਕੋਟ ਦੀ ਅਮਨ ਕੌਰ ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ। ਜਾਮ ਵਿੱਚ ਥਰਮਲ ਪਲਾਂਟ ਲਹਿਰਾ ਮੁਹੱਬਤ ਦੀ ਜੱਥੇਬੰਦੀ ਜੀਐੱਚਟੀਪੀ ਕੰਨਟਰੈਕਟ ਵਰਕਰ ਯੂਨੀਅਨ (ਏਟਕ) ਦੇ ਆਗੂ ਪਰਗਟ ਸਿੰਘ, ਸੁਖਦੀਪ ਸਿੰਘ ਅਤੇ ਹਰਬੰਸ ਸਿੰਘ ਸਮੇਤ ਵਰਕਰ ਸ਼ਾਮਲ ਹੋਏ।
ਪੰਜ ਪਿੰਡਾਂ ਦੇ 60 ਕਿਸਾਨਾਂ ਦੀ ਰਾਸ਼ੀ ਜਮ੍ਹਾਂ ਹੈ ਆੜ੍ਹਤੀ ਕੋਲ
ਜਾਮ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਦੱਸਿਆ ਕਿ ਰਾਮਪੁਰਾ ਫੂਲ ਦੇ ਆੜ੍ਹਤੀ ਵਿਜੇ ਕੁਮਾਰ ਸਿੰਗਲਾ ਕੋਲ ਪੰਜ ਪਿੰਡਾਂ ਬੱਜੋਆਣਾ, ਮਾੜੀ, ਭੈਣੀ, ਕਲਿਆਣ ਅਤੇ ਫੂਲ ਦੇ ਲਗਭਗ 60 ਕਿਸਾਨਾਂ ਨੇ 4 ਕਰੋੜ 60 ਲੱਖ ਰੁਪਏ ਜਮ੍ਹਾਂ ਪਏ ਸਨ। ਇਨ੍ਹਾਂ ਵਿੱਚ ਸਭ ਤੋਂ ਵੱਧ ਪਿੰਡ ਬੱਜੋਆਣਾ ਦੇ ਸੁਖਮੰਦਰ ਸਿੰਘ ਪੁੱਤਰ ਸੁਰੈਣ ਸਿੰਘ ਦੇ 30 ਲੱਖ, ਸੁਖਮੰਦਰ ਸਿੰਘ ਪੁੱਤਰ ਹਰਦੇਵ ਸਿੰਘ ਦੇ 21 ਲੱਖ, ਜਸਵਿੰਦਰ ਸਿੰਘ ਦੇ 17 ਲੱਖ, ਲਖਵਿੰਦਰ ਸਿੰਘ ਦੇ 11.31 ਲੱਖ, ਕਲਿਆਣ ਦੇ ਕਿਸਾਨ ਰਾਮ ਸਿੰਘ ਦੇ 11 ਲੱਖ, ਭੈਣੀ ਦੇ ਕਿਸਾਨ ਗੁਰਨਾਮ ਸਿੰਘ ਦੇ 33 ਲੱਖ, ਬਲਵੀਰ ਸਿੰਘ ਦੇ 20 ਲੱਖ, ਗੁਰਮੇਲ ਸਿੰਘ ਦੇ 19 ਲੱਖ ਅਤੇ ਬਲਵਿੰਦਰ ਸਿੰਘ ਦੇ 14 ਲੱਖ ਤੋਂ ਇਲਾਵਾ ਬਾਕੀ ਕਿਸਾਨਾਂ ਦੇ ਇੱਕ ਤੋਂ ਲੈ ਕੇ ਦਸ ਲੱਖ ਤੱਕ ਹਨ।