ਭਾਰਤ ਭੂਸ਼ਨ ਸ਼ਰਮਾ
ਕੋਟਕਪੂਰਾ, 24 ਅਗਸਤ
ਸਥਾਨਕ ਨਗਰ ਕੌਂਸਲ ਅੰਦਰ ਇਨ੍ਹੀਂ ਦਿਨੀਂ ਸਭ ਕੁਝ ਠੀਕ ਨਹੀਂ ਚੱਲ ਰਿਹਾ। ਹੁਣ ਪ੍ਰਧਾਨ ਦੇ ਕਮਰੇ ਵਿਚ ਲੱਗੀਆਂ ਤਸਵੀਰਾਂ ਅਤੇ ਪ੍ਰਧਾਨ ਦੇ ਨਾਲ ਡਾਹੀ ਸੀਨੀਅਰ ਵਾਈਸ ਪ੍ਰਧਾਨ ਦੀ ਕੁਰਸੀ ਕਾਂਗਰਸ ਦੀ ਸਥਾਨਕ ਪੱਧਰ ’ਤੇ ਖਾਨਾਜੰਗੀ ਨੂੰ ਸਪੱਸ਼ਟ ਉਜਾਗਰ ਕਰਦੀ ਹੈ। ਨਵੇਂ ਪ੍ਰਧਾਨ ਦੇ ਆਗਮਨ ’ਤੇ ਭਾਵੇਂ ਕਾਂਗਰਸੀ ਮੂਹਰੇ ਹੋ-ਹੋ ਤਸਵੀਰਾਂ ਖਿਚਵਾਉਂਦੇ ਰਹੇ ਹਨ ਪ੍ਰੰਤੂ ਇਹ ਸਪੱਸ਼ਟ ਹੈ ਕਿ ਦੂਰੀਆਂ ਦਾ ਕਿੱਲ ਬਹੁਤ ਡੂੰਘਾ ਵੱਜਿਆ ਹੋਇਆ ਹੈ।
ਜਦੋਂ ਪ੍ਰਧਾਨ ਦੇ ਕਮਰੇ ਵਿਚ ਲੱਗੀਆਂ ਤਸਵੀਰਾਂ ਨੂੰ ਗਹੁ ਨਾਲ ਵਾਚਿਆ ਤਾਂ ਖੱਬੇ ਹੱਥ ਇਲਾਕੇ ਦੀ ਮਹਾਨ ਸ਼ਖਸੀਅਤ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨ ਜ਼ੇਲ ਸਿੰਘ, ਦੂਜੇ ਨੰਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਤੀਜੇ ਨੰਬਰ ਭਾਈ ਹਰਨਿਰਪਾਲ ਸਿੰਘ ਕੁੱਕੂ (ਜਿਨ੍ਹਾਂ ਕੋਲ ਕੋਈ ਸੰਵਿਧਾਨਿਕ ਅਹੁਦਾ ਨਹੀਂ) ਅਤੇ ਚੌਥੇ ਨੰਬਰ ਪੰਜਾਬ ਦੇ ਲੋਕਲ ਬਾਡੀ ਮੰਤਰੀ ਬ੍ਰਹਮ ਮਹਿੰਦਰਾ ਦੀ ਤਸਵੀਰ ਵਿਖਾਈ ਦਿੰਦੀ ਹੈ। ਸਭ ਤੋਂ ਆਖਰੀ ਪੰਜਵੇਂ ਨੰਬਰ ਕੈਪਟਨ , ਸਿੱਧੂ ਤੇ ਅਜੈਪਾਲ ਦਾ ਪੋਸਟਰ ਲੱਗਿਆ ਹੈ। ਪ੍ਰੋਟੋਕੋਲ ਅਨੁਸਾਰ ਮੰਤਰੀ ਸਾਹਿਬ ਦੀ ਤਸਵੀਰ ਤੀਜੇ ਨੰਬਰ ’ਤੇ ਆਉਣੀ ਚਾਹੀਦੀ ਸੀ, ਜੋ ਨਹੀਂ ਹੈ। ਇਸ ਦਾ ਸਪਸ਼ਟ ਅਰਥ ਇਹ ਹੈ ਕਿ ਇਹ ਨਗਰ ਕੌਂਸਲ ਆਪਣੇ ਮੰਤਰੀ ਨੂੰ ਹੀ ਸਨਮਾਨ ਨਹੀਂ ਦੇ ਰਹੀ। ਇਸ ਤੋਂ ਇਲਾਵਾ ਇਸ ਨਗਰ ਕੌਂਸਲ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਕੌਂਸਲ ਪ੍ਰਧਾਨ ਦੇ ਉਸੇ ਕਮਰੇ ਵਿਚ ਸੀਨੀਅਰ ਵਾਈਸ ਪ੍ਰਧਾਨ ਦੀ ਕੁਰਸੀ ਡੱਠੀ ਹੋਵੇ। ਪ੍ਰਧਾਨ ਤੇ ਸੀਨੀਅਰ ਵਾਈਸ ਪ੍ਰਧਾਨ ਦੀਆਂ ਨਾਲ ਨਾਲ ਕੁਰਸੀਆਂ ਡਾਹ ਕੇ ਇਸ ਨਗਰ ਕੌਂਸਲ ਲੋਕਲ ਬਾਡੀ ਵਿਭਾਗ ਦੇ ਇਤਿਹਾਸ ਵਿਚ ਨਵਾਂ ਪੰਨਾ ਦਰਜ ਕੀਤਾ ਹੈ।
ਮਾਮਲਾ ਉਪ ਮੰਡਲ ਮੈਜਿਸਟ੍ਰੇਟ ਦੇ ਧਿਆਨ ਵਿੱਚ: ਪ੍ਰਧਾਨ
ਕੋਟਕਪੂਰਾ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸੱਗੂ ਨੇ ਕਿਹਾ ਕਿ ਉਨ੍ਹਾਂ ਦੀ ਕੁਰਸੀ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਦੀ ਕੁਰਸੀ ਲੱਗੀ ਹੋਣ ਕਾਰਨ ਉਨ੍ਹਾਂ ਨੂੰ ਕਈ ਵਾਰ ਮਾਨਸਿਕ ਪ੍ਰੇਸ਼ਾਨੀ ਹੁੰਦੀ ਹੈ ਤੇ ਉਹ ਉਪ ਮੰਡਲ ਮੈਜਿਸਟ੍ਰੇਟ ਕੋਟਕਪੂਰਾ ਡਾ. ਨਿਰਮਲ ਓਸਪੇਚਨ ਦੇ ਧਿਆਨ ਵਿਚ ਇਹ ਮਾਮਲਾ ਲਿਆ ਚੁੱਕੇ ਹਨ ਪੰਤੂ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ।
ਕੀ ਕਹਿੰਦੇ ਨੇ ਸੀਨੀਅਰ ਮੀਤ ਪ੍ਰਧਾਨ
ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸਵਤੰਤਰ ਕੁਮਾਰ ਜੋਸ਼ੀ ਨੇ ਦੱਸਿਆ ਕਿ ਫੋਟੋਆਂ ਲਾਉਣ ਵਾਲਿਆਂ ਨੇ ਗਲਤ ਕੀਤਾ ਹੈ। ਇਸ ਨੂੰ ਠੀਕ ਕਰਨ ਲਈ ਉਹ ਕਹਿ ਚੁੱਕੇ ਹਨ। ਮੰਤਰੀ ਸਾਹਿਬ ਦੀ ਤਸਵੀਰ ਪਹਿਲਾਂ ਤੇ ਹਲਕਾ ਇੰਚਾਰਜ ਦੀ ਤਸਵੀਰ ਪਿਛੇ ਲੱਗੇਗੀ।