ਪਰਸ਼ੋਤਮ ਬੱਲੀ
ਬਰਨਾਲਾ, 16 ਅਗਸਤ
ਜ਼ਿਲ੍ਹਾ ਬਰਨਾਲਾ ’ਚ 74ਵਾਂ ਆਜ਼ਾਦੀ ਦਿਹਾੜਾ ਬਹੁਤ ਹੀ ਸਾਦੇ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਇਆ ਗਿਆ। ਇਸ ਮੌਕੇ ਟਰਾਂਸਪੋਰਟ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਉਨ੍ਹਾਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਖੇਤਰਾਂ ’ਚ ਪ੍ਰਾਪਤੀਆਂ ਗਿਣਾਈਆਂ। ਇਸ ਮੌਕੇ ਰਜ਼ੀਆ ਸੁਲਤਾਨਾ, ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ, ਐੱਸਐੱਸਪੀ ਸੰਦੀਪ ਗੋਇਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਤੇ ਬੀਬੀ ਸੁਰਿੰਦਰ ਕੌਰ ਵਾਲੀਆ ਵੱਲੋਂ ਲੋੜਵੰਦਾਂ ਨੂੰ ਟਰਾਈ ਸਾਈਕਲ ਅਤੇ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਰਜ਼ੀਆ ਸੁਲਤਾਨਾ ਵੱੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜੰਗੀ ਸ਼ਹੀਦ ਫੋਟੋ ਗੈਲਰੀ ਦਾ ਉਦਘਾਟਨ ਕੀਤਾ ਗਿਆ, ਜਿਸ ਵਿਚ ਦੇਸ਼ ਲਈ ਜਾਨਾਂ ਵਾਰਨ ਵਾਲੇ ਜ਼ਿਲ੍ਹੇ ਦੇ ਕਰੀਬ 65 ਸ਼ਹੀਦਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): 74ਵਾਂ ਆਜ਼ਾਦੀ ਦਿਹਾੜਾ ਬਹੁਤ ਹੀ ਸਾਦੇ ਢੰਗ ਨਾਲ ਸਥਾਨਕ ਦਾਣਾ ਮੰਡੀ ਵਿੱਚ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਐੱਸਡੀਐੱਮ ਗਿੱਦੜਬਾਹਾ ਸ੍ਰੀ ਓਮ ਪ੍ਰਕਾਸ਼ ਨੇ ਨਿਭਾਈ। ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਆਦਾ ਇਕੱਠ ਕਰਨ ਤੋਂ ਗੁਰੇਜ਼ ਕੀਤਾ ਗਿਆ। ਉਧਰ ਕੇਸ਼ਵ ਵਿਦਿਆ ਮੰਦਰ ਵਿੱਚ ਸਕੂਲ ਦੇ ਐੱਮਡੀ ਕਰਮੇਸ਼ ਅਰੋੜਾ ਦੀ ਅਗਵਾਈ ਅਧੀਨ ਆਜ਼ਾਦੀ ਦਿਹਾੜਾ ਸਾਦੇ ਢੰਗ ਨਾਲ ਮਨਾਇਆ ਗਿਆ।
ਭਦੌੜ (ਰਾਜਿੰਦਰ ਵਰਮਾ): ਮਾਰਕੀਟ ਕਮੇਟੀ ਭਦੌੜ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਅਜੇ ਕੁਮਾਰ ਨੇ ਅਦਾ ਕੀਤੀ। ਇਸੇ ਤਰ੍ਹਾਂ ਗੋਬਿੰਦ ਇੰਟਰਨੈਸ਼ਨ ਪਬਲਿਕ ਸਕੂਲ ਭਦੌੜ ਵਿੱਚ ਵੀ ਝੰਡਾ ਲਹਿਰਾਉਣ ਦੀ ਰਸਮ ਡਾਇਰੈਕਟਰ ਦਰਸ਼ਨ ਸਿੰਘ ਗਿੱਲ ਨੇ ਅਦਾ ਕੀਤੀ ਗਈ ਅਤੇ ਥਾਣਾ ਭਦੌੜ ਦੇ ਮੁਖੀ ਹਰਸਿਮਰਨਜੀਤ ਸਿੰਘ ਨੇ ਸਲਾਮੀ ਦਿੱਤੀ।
ਸਿਰਸਾ, (ਪ੍ਰਭੂ ਦਿਆਲ): ਜ਼ਿਲ੍ਹਾ ਸਿਰਸਾ ’ਚ ਵੱਖ-ਵੱਖ ਥਾਵਾਂ ’ਤੇ ਆਜ਼ਾਦੀ ਦਿਵਸ ਮਨਾਇਆ ਗਿਆ। ਮੁੱਖ ਪ੍ਰੋਗਰਾਮ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਹੋਇਆ, ਜਿਥੇ ਹਿਸਾਰ ਜ਼ੋਨ ਦੇ ਕਮਿਸ਼ਨਰ ਵਿਨੈ ਸਿੰਘ ਨੇ ਬਤੌਰ ਮੁੱਖ ਮਹਿਮਾਨ ਵਜੋਂ ਕੌਮੀ ਝੰਡਾ ਲਹਿਰਾਇਆ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਬਲਾਕ ਸ਼ਹਿਣਾ ਦੇ ਪਿੰਡਾਂ ’ਚ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਕਸਬੇ ਸ਼ਹਿਣਾ ਦੇ ਮੇਨ ਬਾਜ਼ਾਰ ’ਚ ਸਹੀਦ ਭਗਤ ਚੌਕ ਵਿੱਚ ਸ਼ਹੀਦ ਭਗਤ ਸਿੰਘ ਕਲੱਬ ਦੇ ਅਹੁਦੇਦਾਰਾਂ ਵੱਲੋਂ ਝੰਡਾ ਲਹਿਰਾਇਆ ਗਿਆ ਅਤੇ ਕਲੱਬ ਪ੍ਰਧਾਨ ਦਲਜੀਤ ਸਿੰਘ ਮੱਲੀ ਨੇ ਆਜ਼ਾਦੀ ਦਿਵਾਉਣ ਵਾਲੇ ਸ਼ਹੀਦਾਂ ਬਾਰੇ ਜਾਣਕਾਰੀ ਦਿੱਤੀ।
ਬੁਢਲਾਡਾ (ਅਮਿਤ ਕੁਮਾਰ): ਸਥਾਨਕ ਸਬ-ਡਿਵੀਜ਼ਨ ਵਿੱਚ ਵੀ ਕਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਦੇਸ਼ ਦੀ ਆਜ਼ਾਦੀ ਦੀ 74ਵੀਂ ਵਰ੍ਹੇਗੰਢ ਮਨਾਈ ਗਈ। ਕੌਮੀ ਝੰਡਾ ਲਹਿਰਾਉਣ ਦੀ ਰਸਮ ਐੱਸਡੀਐੱਮ ਸਾਗਰ ਸੇਤੀਆ ਨੇ ਅਦਾ ਕੀਤੀ। ਮੁੱਖ ਮਹਿਮਾਨ ਵੱਲੋਂ ਭਾਰਤ-ਚੀਨ ਸਰਹੱਦ ’ਤੇ ਗਲਵਾਨ ਘਾਟੀ ’ਚ ਸ਼ਹੀਦ ਹੋਏ ਜਵਾਨ ਗੁਰਤੇਜ ਸਿੰਘ ਦੇ ਪਰਿਵਾਰ ਅਤੇ ਇਸ ਖੇਤਰ ਦੇ ਸੁਤੰਤਰਤਾ ਸੰਗਰਾਮੀ ਅਤੇ ਸਿਹਤ ਵਿਭਾਗ ਦੇ ਹੋਰਾਂ ਮੁਲਾਜ਼ਮਾਂ ਅਤੇ ਬੋਰਡ ਪ੍ਰੀਖਆਂ ’ਚੋਂ ਮੈਰਿਟ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਏਲਨਾਬਾਦ (ਜਗਤਾਰ ਸਮਾਲਸਰ): ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਯੋਧਿਆਂ ਨੇ ਜੋ ਕੁਰਬਾਨੀਆਂ ਦਿੱਤੀਆ ਉਨ੍ਹਾਂ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ। ਇਹ ਸ਼ਬਦ ਐੱਸਡੀਐੱਮ ਦਿਲਬਾਗ ਸਿੰਘ ਨੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਅਨਾਜ ਮੰਡੀ ’ਚ ਹੋਏ ਬਲਾਕ ਪੱਧਰੀ ਸਮਾਗਮ ਦੌਰਾਨ ਕਹੇ।
ਫਾਜ਼ਿਲਕਾ (ਪਰਮਜੀਤ ਸਿੰਘ) : ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਮੌਕੇ ਅੱਜ ਸਰਕਾਰੀ ਸਟੇਡੀਅਮ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਰਵਿੰਦ ਪਾਲ ਸਿੰਘ ਸੰਧੂ ਨੇ ਅਦਾ ਕੀਤੀ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿੱਚ ਕੋਵਿਡ-19 ਸਬੰਧੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਜ਼ਾਦੀ ਦਿਵਸ ਮਨਾਇਆ ਗਿਆ।
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਇੱਥੋਂ ਦੀ ਅਨਾਜ ਮੰਡੀ ’ਚ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਕਾਲਾਂਵਾਲੀ ਦੇ ਐੱਸਡੀਐੱਮ ਨਿਰਮਲ ਨਾਗਰ ਵੱਲੋਂ ਕਰੋਨਾਵਾਇਰਸ ’ਚ ਸਹਿਯੋਗ ਦੇਣ ਵਾਲੇ ਸਾਰੇ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਮਾਊਂਟ ਲਿਟਰਾ ਜੀ ਸਕੂਲ ਵਲੋਂ ਆਪਣੇ ਵਿਦਿਆਰਥੀਆਂ ਨੂੰ ਭਾਰਤ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲ਼ੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਦੇਣ ਲਈ ਘਰ ਬੈਠੇ ਹੀ ਆਜ਼ਾਦੀ ਦਿਹਾੜਾ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ।
ਬਠਿੰਡਾ, (ਨਿੱਜੀ ਪੱਤਰ ਪ੍ਰੇਰਕ): ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ 74ਵਾਂ ਆਜ਼ਾਦੀ ਦਿਹਾੜੇ ਮੌਕੇ ਮੁੱਖ ਮਹਿਮਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਮੋਹਨ ਪਾਲ ਸਿੰਘ ਈਸ਼ਰ ਨੇ ਮਹਾਨ ਸੁਤੰਤਰਤਾ ਸੈਨਾਨੀਆਂ ਨੂੰ ਸਲਾਮ ਕਰਦਿਆਂ ਰਾਸ਼ਟਰੀ ਝੰਡਾ ਲਹਿਰਾਇਆ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਨਵੀਂ ਅਨਾਜ ਮੰਡੀ ਵਿੱਚ ਸਾਦਗੀ ਨਾਲ ਕਰਵਾਏ ਸਮਾਗਮ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਫਰੀਦਕੋਟ (ਜਸਵੰਤ ਜੱਸ): ਇਥੋਂ ਦੇ ਨਹਿਰੂ ਸਟੇਡੀਅਮ ਵਿੱਚ ਆਜ਼ਾਦੀ ਦਿਵਸ ਸਮਾਗਮ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ’ਚ ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਤਿਰੰਗਾ ਲਹਿਰਾਇਆ।
47 ਦੇ ਬੇਦੋਸ਼ਿਆਂ ਨੂੰ ਸ਼ਰਧਾਂਜਲੀਆਂ ਭੇਟ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਸਿੰਘ ਰੌਂਤਾ): ਸਾਈਂ ਮੀਰ ਅੰਤਰਰਾਸ਼ਟਰੀ ਫ਼ਾਊਂਡੇਸ਼ਨ ਦੇ ਸੱਦੇ ’ਤੇ ਨਿਹਾਲ ਸਿੰਘ ਵਾਲਾ ਦੇ ਨਿਹਾਲ ਸਿੰਘ ਵਾਲਾ , ਰੌਂਤਾ, ਪੱਤੋ ਆਦਿ ਪਿੰਡਾਂ ਵਿੱਚ ਮੋਮਬੱਤੀਆਂ ਬਾਲ ਕੇ 47 ਦੇ ਬਟਵਾਰੇ ਦੌਰਾਨ ਦੋਨੇਂ ਪਾਸੇ ਮਾਰੇ ਗਏ ਬੇਦੋਸ਼ੇ ਦਸ ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। 47 ਦੇ ਵਿਛੜਿਆਂ ਨੂੰ ਮਿਲਾਉਣ ਅਤੇ ਦੋਨਾਂ ਮੁਲਕਾਂ ਵਿੱਚ ਮੁਹੱਬਤ ਦੀ ਮਹਿਕ ਖਿਲਾਰਨ ਦੀ ਆਸਵੰਦ ਸੰਸਥਾ ਸਾਈਂ ਮੀਆਂ ਮੀਰ ਫ਼ਾਊਂਡੇਸ਼ਨ ਦੇ ਕੌਮਾਂਤਰੀ ਪ੍ਰਧਾਨ ਹਰਭਜਨ ਬਰਾੜ ਦੀ ਅਗਵਾਈ ਵਿੱਚ ਸੰਸਥਾ ਦੇ ਕਾਰਕੁਨਾਂ ਅਤੇ ਆਪਸੀ ਭਾਈਚਾਰਾ ਮਜ਼ਬੂਤ ਕਰਨ ਦਾ ਪੈਗਾਮ ਦੇਣ ਵਾਲੇ ਲੋਕਾਂ ਵੱਲੋਂ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀਆਂ ਭੇਟ ਕੀਤੀਆ ਗਈਆਂ। ਡਾ. ਫ਼ਕੀਰ ਮੁਹੰਮਦ, ਹਰਦੀਪ ਧੰਮੀ, ਗੁਰਾ ਪੱਤੋ, ਸਾਬਰ ਹੁਸੈਨ, ਐਮੀ ਤੂਰ, ਸਰਗਮ ਰੌਂਤਾ, ਡਾ. ਗੁਰਪ੍ਰੀਤ ਗਿੱਲ, ਸਿਮਰਤਦੀਪ ਪਨੇਸਰ ਤੇ ਚਰਨਜੀਤ ਕੌਰ ਆਦਿ ਨੇ ਕਿਹਾ ਕਿ ਦੋਨਾਂ ਦੇਸ਼ਾਂ ਨੇ ਵੰਡ ਦਾ ਦਰਦ ਹੰਡਾਇਆ ਹੈ, ਜੰਗ ਨਹੀਂ ਵਪਾਰ ਤੇ ਪਿਆਰ ਦਾ ਰਾਹ ਖੁੱਲ੍ਹਣ ਦੀ ਲੋੜ ਹੈ।