ਸੰਜੀਵ ਹਾਂਡਾ
ਫ਼ਿਰੋਜ਼ਪੁਰ, 8 ਜਨਵਰੀ
ਵਿਆਹ ਤੋਂ ਬਾਅਦ ਆਪਣੇ ਪਤੀਆਂ ਨੂੰ ਵਿਦੇਸ਼ ਲੈ ਕੇ ਜਾਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਨਵ-ਵਿਆਹੁਤਾ ਲੜਕੀਆਂ ਖ਼ਿਲਾਫ਼ ਇਥੋਂ ਦੇ ਦੋ ਵੱਖ-ਵੱਖ ਥਾਣਿਆਂ ’ਚ ਦੋ ਮਾਮਲੇ ਦਰਜ ਕੀਤੇ ਗਏ ਹਨ। ਪਹਿਲਾ ਕੇਸ ਥਾਣਾ ਸਿਟੀ ’ਚ ਕਲਗੀਧਰ ਨਗਰ ਜ਼ੀਰਾ ਦੀ ਰਹਿਣ ਵਾਲੀ ਮੁਲਜ਼ਮ ਤਾਜਬੀਰ ਕੌਰ ਉਸਦੀ ਮਾਤਾ ਸੁਖਵਿੰਦਰ ਕੌਰ ਤੇ ਪਿਤਾ ਹਰਦੀਪ ਸਿੰਘ ਖ਼ਿਲਾਫ਼ ਸੱਤਰ ਲੱਖ ਰੁਪਏ ਦੀ ਠੱਗੀ ਮਾਰਨ ਦਾ ਦਰਜ ਕੀਤਾ ਗਿਆ ਹੈ। ਜ਼ੀਰਾ ’ਚ ਪੈਂਦੇ ਨੂਰਪੁਰ ਪਿੰਡ ਦੇ ਜਤਿੰਦਰ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸਦੀ ਸ਼ਾਦੀ ਤਾਜਬੀਰ ਕੌਰ ਨਾਲ 2017 ’ਚ ਹੋਈ ਸੀ ਤੇ ਤਾਜਬੀਰ ਕੌਰ ਨੇ ਆਈਲੈਟਸ ਕੀਤੀ ਹੋਈ ਸੀ। ਰਿਸ਼ਤਾ ਹੋਣ ਸਮੇਂ ਦੋਵਾਂ ਧਿਰਾਂ ’ਚ ਤੈਅ ਹੋਇਆ ਸੀ ਕਿ ਤਾਜਬੀਰ ਕੌਰ ਦਾ ਆਸਟ੍ਰੇਲਿਆ ’ਚ ਜਾਣ ਤੇ ਪੜ੍ਹਾਈ ਦਾ ਸਾਰਾ ਖਰਚਾ ਜਤਿੰਦਰ ਸਿੰਘ ਦੇ ਪਰਿਵਾਰ ਵੱਲੋਂ ਕੀਤਾ ਜਾਵੇਗਾ। ਜਤਿੰਦਰ ਸਿੰਘ ਦੇ ਪਰਿਵਾਰ ਨੇ ਉਸ ਉਪਰ 39 ਲੱਖ 72 ਹਜ਼ਾਰ ਰੁਪਏ ਖਰਚ ਕੀਤੇ ਜਿਸਦਾ ਵੇਰਵਾ ਉਨ੍ਹਾਂ ਨੇ ਪੁਲੀਸ ਨੂੰ ਦਿੱਤਾ ਹੈ। ਤਾਜਬੀਰ ਕੌਰ ਨੇ ਆਸਟਰੇਲੀਆ ਜਾ ਕੇ ਜਤਿੰਦਰ ਸਿੰਘ ਨੂੰ ਉਥੇ ਬੁਲਾਉਣਾ ਸੀ ਪਰ ਉਸਨੇ ਕੁਝ ਚਿਰ ਬਾਅਦ ਹੀ ਜਤਿੰਦਰ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। 30 ਅਗਸਤ 2018 ਤਾਜਬੀਰ ਕੌਰ ਭਾਰਤ ਆਈ ਤੇ ਉਸਨੇ ਜਤਿੰਦਰ ਨੂੰ ਆਸਟਰੇਲੀਆ ਲੈ ਕੇ ਜਾਣ ਤੋਂ ਮਨ੍ਹਾਂ ਕਰ ਦਿੱਤਾ। ਉਸਨੇ ਦੱਸਿਆ ਕਿ ਉਹ ਵਿਦੇਸ਼ ’ਚ ਕਿਸੇ ਹੋਰ ਨਾਲ ਸ਼ਾਦੀ ਕਰਨਾ ਚਾਹੁੰਦੀ ਹੈ। ਤਾਜਬੀਰ ਕੌਰ ਨੇ ਜਤਿੰਦਰ ਕੋਲੋਂ ਤਲਾਕ ਦੀ ਮੰਗ ਵੀ ਕੀਤੀ ਜਿਸ ਮਗਰੋਂ ਮਾਮਲਾ ਵਿਗੜ ਗਿਆ ਤੇ ਜਤਿੰਦਰ ਸਿੰਘ ਨੇ ਪੁਲੀਸ ਪਾਸ ਸ਼ਿਕਾਇਤ ਦਰਜ ਕਰਵਾ ਦਿੱਤੀ।
ਦੂਜਾ ਮਾਮਲਾ ਥਾਣਾ ਮੱਲਾਂਵਾਲਾ ’ਚ ਦਰਜ ਕੀਤਾ ਗਿਆ ਹੈ। ਇਥੇ ਮੀਹਾਂ ਸਿੰਘ ਵਾਲਾ ਪਿੰਡ ਦੇ ਵਸਨੀਕ ਬਲਜਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਸਾਲ 2018 ’ਚ ਉਸਦੀ ਸ਼ਾਦੀ ਨੌਰੰਗ ਸਿੰਘ ਵਾਲਾ ਦੀ ਰਹਿਣ ਵਾਲੀ ਮਨਦੀਪ ਕੌਰ ਨਾਲ ਹੋਈ ਸੀ ਜਿਸ ’ਤੇ ਉਨ੍ਹਾਂ ਦਾ ਬਾਰਾਂ ਲੱਖ ਰੁਪਏ ਖਰਚਾ ਆਇਆ ਸੀ। ਵਿਆਹ ਤੋਂ ਬਾਅਦ ਬਲਜਿੰਦਰ ਸਿੰਘ ਨੇ ਤੇਰਾਂ ਲੱਖ ਰੁਪਏ ਖਰਚ ਕਰ ਕੇ ਮਨਦੀਪ ਨੂੰ ਆਈਲੈਟਸ ਕਰਵਾ ਕੇ ਆਸਟਰੇਲੀਆ ਭੇਜਿਆ ਪਰ ਉਥੇ ਪਹੁੰਚਣ ਤੋਂ ਕੁਝ ਚਿਰ ਬਾਅਦ ਮਨਦੀਪ ਨੇ ਬਲਜਿੰਦਰ ਸਿੰਘ ਨੂੰ ਆਪਣੇ ਕੋਲ ਬੁਲਾਉਣ ਤੋਂ ਮਨ੍ਹਾਂ ਕਰ ਦਿੱਤਾ। ਬਲਜਿੰਦਰ ਸਿੰਘ ਦਾ ਦੋਸ਼ ਹੈ ਕਿ ਅਜਿਹਾ ਕਰਕੇ ਮਨਦੀਪ ਕੌਰ ਉਸਦੇ ਭਰਾ ਲਵਪ੍ਰੀਤ ਸਿੰਘ ਤੇ ਮਾਤਾ ਅਮਰਜੀਤ ਕੌਰ ਨੇ ਉਨ੍ਹਾਂ ਨਾਲ ਤੀਹ ਲੱਖ ਰੁਪਏ ਦੀ ਠੱਗੀ ਮਾਰੀ ਹੈ।