ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 29 ਅਕਤੂਬਰ
ਮੁਕਤਸਰ ਦੇ ਬਠਿੰਡਾ ਰੋਡ ਸਥਿਤ ਗੋਇਲ ਸੁਪਰ ਸਕੈਨ ਸੈਂਟਰ ਉੱਪਰ 15 ਮਈ 2017 ਨੂੰ ਗਰਭਪਾਤ ਕਰਨ ਦੇ ਮਾਮਲੇ ਸਬੰਧੀ ਛਾਪਾ ਮਾਰਨ ਵਾਲੇ ਰਾਜਸਥਾਨ ਪੁਲੀਸ ਦੇ ਮੁਲਾਜ਼ਮਾਂ ਅਤੇ ਸਿਹਤ ਮੁਲਾਜ਼ਮਾਂ ਖ਼ਿਲਾਫ਼ ਸਿਟੀ ਮੁਕਤਸਰ ਦੀ ਪੁਲੀਸ ਨੇ ਗੈਰਕਾਨੂੰਨੀ ਕਾਰਵਾਈ ਤਹਿਤ ਕੇਸ ਦਰਜ ਕਰ ਲਿਆ ਹੈ। ਇਹ ਕੇਸ, ਜੇਐਮਆਈਸੀ ਸੁਪ੍ਰੀਤ ਕੌਰ ਦੀ ਅਦਾਲਤ ਦੇ ਆਦੇਸ਼ ’ਤੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਕੈਨ ਸੈਂਟਰ ਮਾਲਕ ਡਾ. ਸ਼ਾਮ ਸੁੰਦਰ ਗੋਇਲ ਨੇ ਅਦਾਲਤ ਵਿੱਚ ਅਰਜ਼ੀ ਦਾਖ਼ਲ ਕੀਤੀ ਸੀ। ਡਾ. ਗੋਇਲ ਅਨੁਸਾਰ 15 ਮਈ 2017 ਨੂੰ ਰਾਜਸਥਾਨ ਸੂਬੇ ਦੇ ਜੈਪੁਰ ਸਥਿਤ ਪੀਐੱਨਡੀਟੀ ਸੈੱਲ ਦੇ ਕਰਾਈਮ ਬਰਾਂਚ ਦੇ ਇੰਚਾਰਜ ਵਿਕਰਮ ਸੇਵਾਵੰਤ, ਕਾਂਸਟੇਬਲ ਰਜਿੰਦਰ ਸਿੰਘ, ਵਿਜੈਪਾਲ, ਹਨੂੰਮਾਨਗੜ੍ਹ ਸਿਵਲ ਹਸਪਤਾਲ ਦੇ ਰਣਦੀਪ ਸਿੰਘ ਤੇ ਮਹਿਮੂਦ ਖਾਨ ਉਨ੍ਹਾਂ ਦੇ ਸਕੈਨ ਸੈਂਟਰ ’ਤੇ ਆਏ ਅਤੇ ਬਿਨਾਂ ਕੋਈ ਅਧਿਕਾਰਤ ਪੱਤਰ ਦਿਖਾਇਆਂ ਕਲੀਨਿਕ ਵਿੱਚ ਦਾਖਲ ਹੋਏ ਤੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 10 ਲੱਖ ਰੁਪਏ ਕਥਿਤ ਫਿਰੌਤੀ ਮੰਗੀ। ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਛਾਪਾ ਮਾਰਨ ਸਬੰਧੀ ਸਿਵਲ ਸਰਜਨ ਤੇ ਪੁਲੀਸ ਨੂੰ ਕੋਈ ਸੂਚਨਾ ਨਹੀਂ ਸੀ ਦਿੱਤੀ ਗਈ। ਜਾਂਦੀ ਹੋਈ ਛਾਪਾ ਟੀਮ ਅਲਟਰਾਸਾਊਂਡ ਮਸ਼ੀਨ 36 ਹਜ਼ਾਰ ਰੁਪਏ ਤੇ ਹੋਰ ਕਾਗਜ਼ਾਤ ਵੀ ਲੈ ਗਈ ਸੀ।