ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਮਈ
ਥਾਣਾ ਸਿਟੀ ਦੱਖਣੀ ਪੁਲੀਸ ਨੇ ਉੱਘੀ ਲੇਖਿਕਾ ਬੇਅੰਤ ਕੌਰ ਗਿੱਲ, ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਤੇ ਸਮਾਜ ਸੇਵੀ ਹਰਜਿੰਦਰ ਚੁਗਾਵਾਂ ਦੇ ਚਰਿੱਤਰ ਬਾਰੇ ਸੋਸ਼ਲ ਮੀਡੀਆ ’ਤੇ ਘਟੀਆ ਟਿੱਪਣੀਆਂ ਕਰਨ ਵਾਲੇ ਪਰਵਾਸੀ ਪੰਜਾਬੀ ਸਣੇ 12 ਮੁਲਜ਼ਮਾਂ ਖ਼ਿਲਾਫ਼ ਸਾਈਬਰ ਕਰਾਈਮ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ।
ਜਾਂਚ ਅਧਿਕਾਰੀ ਐੱਸਆਈ ਬਲਵਿੰਦਰ ਸਿੰਘ ਦੇ ਦੱਸਿਆ ਕਿ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਦੇ ਹੁਕਮ ’ਤੇ ਮੁੱਢਲੀ ਪੜਤਾਲ ਬਾਅਦ ਪਰਵਾਸੀ ਪੰਜਾਬੀ ਅਤੇ ਮੂਲ ਰੂਪ ਵਿੱਚ ਸੁਧਾਰ ਦੇ ਵਸਨੀਕ ਦਰਸ਼ਨ ਸਿੰਘ ਉਰਫ ਕੁੱਕੂ ਧਾਲੀਵਾਲ ਵੱਲੋਂ ਇੱਕ ਸਾਲ ਪਹਿਲਾਂ ਸੋਸ਼ਲ ਮੀਡੀਆ ’ਤੇ ਲੇਖਿਕਾ ਬੇਅੰਤ ਕੌਰ ਗਿੱਲ, ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਤੇ ਹਰਜਿੰਦਰ ਚੁਗਾਵਾਂ ਦੇ ਚਰਿੱਤਰ ਬਾਰੇ ਕਈ ਮਨਘੜਤ ਤੇ ਅਸ਼ਲੀਲ ਪੋਸਟਾਂ ਪਾਈਆਂ ਸਨ, ਜਿਸ ’ਤੇ ਕੁਝ ਪੰਜਾਬ ਰਹਿੰਦੇ ਲੋਕਾਂ ਵੱਲੋਂ ਵੀ ਉਸ ਨਾਲ ਹਮ ਮਸ਼ਵਰਾ ਹੋ ਕੇ ਘਟੀਆ ਟਿੱਪਣੀਆਂ ਕੀਤੀਆਂ ਗਈਆਂ ਸਨ, ਜਿਸ ’ਤੇ ਮੋਗਾ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਖਤ ਇਤਰਾਜ ਪ੍ਰਗਟਾਇਆ ਗਿਆ ਸੀ ਤੇ ਇਸ ਬਾਰੇ ਲੇਖਿਕਾ ਬੇਅੰਤ ਕੌਰ ਗਿੱਲ ਤੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਵੱਲੋਂ ਐੱਸਐੱਸਪੀ ਮੋਗਾ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ’ਤੇ ਜਾਂਚ ਅਤੇ ਕਨੂੰਨੀ ਰਾਇ ਲੈਣ ਮਗਰੋਂ ਬੀਤੇ ਕੱਲ੍ਹ ਐੱਸਐੱਸਪੀ ਮੋਗਾ ਨੇ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸਨ ਤੇ ਅੱਜ ਸਿਟੀ ਸਾਊਥ ਦੇ ਐੱਸਆਈ ਬਲਵਿੰਦਰ ਸਿੰਘ ਵੱਲੋਂ ਗੁਰਦਰਸ਼ਨ ਸਿੰਘ ਉਰਫ ਦਰਸ਼ਨ ਸਿੰਘ ਵਾਸੀ ਸੁਧਾਰ (ਜਗਰਾਓਂ) ਹਾਲ ਅਬਾਦ ਕੈਨੇਡਾ, ਗੁਰਚਰਨ ਸਿੰਘ ਸਾਬਕਾ ਸਰਪੰਚ ਦੁਸਾਂਝ ਮੋਗਾ, ਰਵਿੰਦਰ ਉਰਫ ਜੋਲੀ, ਰਣਜੀਤ ਸਿੰਘ ਬਰਾੜ, ਬੇਅੰਤ ਦਿਉਲ ਵਾਸੀ ਤਲਵੰਡੀ, ਕੌਰ ਅਮਨਦੀਪ, ਸਰਬਜੀਤ ਚੀਮਾ, ਸਿੱਧੂ ਫਾਰਮਰ, ਹਰੀ ਪ੍ਰਧਾਨ, ਅਸ਼ੋਕ ਕੁਮਾਰ, ਸੇਰ ਸਿੰਘ, ਅਮਰਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਐਨਜੀਓ ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਕੋਆਰਡੀਨੇਟਰ ਦਰਸ਼ਨ ਸਿੰਘ ਵਿਰਦੀ, ਜਨਰਲ ਸਕੱਤਰ ਅਮਰਜੀਤ ਸਿੰਘ ਜੱਸਲ, ਰੂਰਲ ਐਨਜੀਓ ਮੋਗਾ ਦੇ ਪ੍ਰਧਾਨ ਦਵਿੰਦਰਜੀਤ ਗਿੱਲ, ਮੀਤ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਸਮਾਜ ਸੇਵੀ ਲੱਕੀ ਗਿੱਲ ਼ ਨੇ ਪੁਲੀਸ ਤੋਂ ਮੰਗ ਕੀਤੀ ਕਿ ਇਨ੍ਹਾਂ ਮੁਲਜ਼ਮਾਂ ਨੂੰ ਜਲਦੀ ਫੜਿਆ ਜਾਵੇ।