ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਅਗਸਤ
ਥਾਣਾ ਬੱਧਨੀ ਕਲਾਂ ਦੇ ਤਤਕਾਲੀ ਮੁਖੀ ਸਬ ਇੰਸਪੈਕਟਰ ਕਰਮਜੀਤ ਸਿੰਘ ਦੀਆਂ ਮੁਸ਼ਕਲਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਤਕਾਲੀ ਥਾਣਾ ਮੁਖੀ ਪਹਿਲਾਂ ਹੀ ਆਪਣੇ ਅਧੀਨ ਤਾਇਨਾਤ ਰਹੇ ਏਐੱਸਆਈ ਸਤਨਾਮ ਸਿੰਘ ਵੱਲੋਂ ਖੁਦਕੁਸ਼ੀ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਉੱਤੇ ਥਾਣਾ ਬੱਧਨੀ ਕਲਾਂ ਵਿਖੇ ਤਤਕਾਲੀ ਮੁਖੀ ਐਸਆਈ ਕਰਮਜੀਤ ਸਿੰਘ, ਏਐੱਸਆਈ ਜਸਵੰਤ ਰਾਏ, ਸਿਪਾਹੀ ਪਵਨ ਕਮੁਾਰ ਅਤੇ ਇਕ ਮਹਿਲਾ ਸਿਪਾਹੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਥਾਣਾ ਮੁਖੀ ਸੰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਨਜੀਤ ਕੌਰ ਪਤਨੀ ਨਿਰਮਲ ਸਿੰਘ ਵਾਸੀ ਮੱਦੋਕੇ ਨੇ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਸੀ ਤੇ ਹਾਈ ਕੋਰਟ ਦੇ ਹੁਕਮਾਂ ਉੱਤੇ ਐਫ਼ਆਈਆਰ ਦਰਜ ਹੋਈ ਹੈ।
ਪੁਲੀਸ ਮੁਤਾਬਕ ਸ਼ਿਕਾਇਤਕਰਤਾ ਮਨਜੀਤ ਕੌਰ ਦਾ ਦੋਸ਼ ਹੈ ਉਕਤ ਪੁਲੀਸ ਮੁਲਾਜ਼ਮਾਂ ਨੇ ਉਸ ਦੀ ਧੀ ਪਰਮਜੀਤ ਕੌਰ ਅਤੇ ਉਸ ਦਾ ਜਵਾਈ ਸ਼ਿੰਦਾ ਸਿੰਘ ਨੂੰ ਬਿਨਾਂ ਕਿਸੇ ਹੁਕਮ ਦੇ ਥਾਣੇ ਵਿੱਚ ਨਾਜਾਇਜ਼ ਹਿਰਾਸਤ ਵਿੱਚ ਰੱਖਿਆ। ਹਾਈ ਕੋਰਟ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ 3 ਸਤੰਬਰ ਤੋਂ ਪਹਿਲਾਂ ਇਹ ਐਫ਼ਆਈਆਰ ਦਰਜ ਕਰਨ ਅਤੇ ਇਸ ਕੇਸ ਦੀ ਜਾਂਚ ਟੀਮ ਸਿੱਟ ਬਣਾ ਕੇ ਤਫ਼ਤੀਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ।