ਨਿੱਜੀ ਪੱਤਰ ਪ੍ਰੇਰਕ
ਮੋਗਾ, 24 ਦਸੰਬਰ
ਥਾਣਾ ਬਾਘਾਪੁਰਾਣਾ ਪੁਲੀਸ ਨੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਬਾਘਾਪੁਰਾਣਾ ਤੋਂ ਪਾਰਟੀ ਉਮੀਦਵਾਰ ਤੀਰਥ ਸਿੰਘ ਮਾਹਲਾ ਦੇ ਦੋ ਪੁੱਤਰਾਂ ਸਣੇ ਪੰਜ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਉੱਤੇ ਆਪਣੇ ਹੀ ਪਿੰਡ ਦੇ ਸਕੂਲ ਵੈਨ ਚਾਲਕ ਦੀ ਕੁੱਟਮਾਰ ਕਰਨ ਦਾ ਦੋਸ਼ ਹੈ। ਇਸ ਸਬੰਧੀ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਨਿਹਾਲ ਸਿੰਘ ਵਾਲਾ ਫੇਰੀ ਦੌਰਾਨ ਝੂਠਾ ਪਰਚੇ ਦਰਜ ਕਰਨ ਵਾਲੇ ਪੁਲੀਸ ਅਧਿਕਾਰੀਆਂ ਨੂੰ ਸਰਕਾਰ ਆਉਣ ’ਤੇ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਚਿਤਾਵਨੀ ਦਿੱਤੀ ਹੈ। ਦੂਜੇ ਪਾਸੇ, ‘ਆਪ’ ਦੇ ਹਲਕਾ ਇੰਚਾਰਜ ਅਮ੍ਰਿੰਤਪਾਲ ਸਿੰਘ ਸੁਖਾ ਨੰਦ ਤੇ ਨਵੇਂ ਬਣੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕਮਲਜੀਤ ਸਿੰਘ ਬਰਾੜ ਜਖ਼ਮੀ ਨੌਜਵਾਨ ਦਾ ਹਾਲ-ਚਾਲ ਜਾਨਣ ਲਈ ਹਸਪਤਾਲ ਪੁੱਜੇ। ‘ਆਪ’ ਆਗੂ ਸੁਖਾਨੰਦ ਨੇ ਕਿਹਾ ਕਿ ਜੇ ਪੁਲੀਸ ਨੇ ਸਖ਼ਤ ਕਾਰਵਾਈ ਨਾ ਕੀਤੀ ਤਾਂ ਪਾਰਟੀ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਜਾਂਚ ਅਧਿਕਾਰੀ ਸਰਦਾਰਾ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਮਨਦੀਪ ਸਿੰਘ ਨੇ ਅਕਾਲੀ ਆਗੂ ਉੱਤੇ ਚੋਣਾਂ ਲਈ ਵਿਅੰਗ ਕਸਦਿਆਂ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਸੀ ਜਿਸ ਕਾਰਨ ਝਗੜਾ ਹੋਇਆ ਸੀ। ਇਸ ਮਾਮਲੇ ਵਿਚ ਅਕਾਲੀ ਆਗੂ ਦੇ ਦੋ ਪੁੱਤਰਾਂ ਜਸਪ੍ਰੀਤ ਸਿੰਘ ਤੇ ਸੁਖਪ੍ਰੀਤ ਸਿੰਘ ਤੋਂ ਇਲਾਵਾ ਰਾਮਪਾਲ ਸਿੰਘ ਗੁਰਪ੍ਰੀਤ ਸਿੰਘ ਅਤੇ ਗੁਰਲਾਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਮੇਰੇ ਪੁੱਤਰਾਂ ਦਾ ਝਗੜੇ ਨਾਲ ਕੋਈ ਸਬੰਧ ਨਹੀਂ: ਮਾਹਲਾ
ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਮਨਦੀਪ ਸਿੰਘ ਗ਼ਲਤ ਹਰਕਤਾਂ ਕਰਨ ਦਾ ਆਦੀ ਹੈ। ਉਸ ਦਾ ਹੋਰਨਾਂ ਮੁੰਡਿਆਂ ਨਾਲ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਉਣ ਦੀ ਰੰਜ਼ਿਸ਼ ਤੋਂ ਝਗੜਾ ਹੋਇਆ ਹੈ ਪਰ ਉਨ੍ਹਾਂ ਦੇ ਪੁੱਤਰਾਂ ਦਾ ਇਸ ਕੁੱਟਮਾਰ ਨਾਲ ਕੋਈ ਸਬੰਧੀ ਨਹੀਂ।