ਪੱਤਰ ਪ੍ਰੇਰਕ
ਮਾਨਸਾ, 26 ਨਵੰਬਰ
ਖੇਤੀ ਕਾਨੂੰਨਾਂ ਅਤੇ ਹੋਰ ਮੰਗਾਂ ਲਈ ਦਿੱਲੀ ਦੇ ਬਾਰਡਰਾਂ ’ਤੇ ਡੱਟੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ ਇੱਕ ਵਰ੍ਹੇ ਮੁਕੰਮਲ ਹੋਣ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰੇ ਕਰਨ ਦੇ ਦਿੱਤੇ ਹੋਏ ਸੱਦੇ ਤਹਿਤ ਜਿਹੜੇ ਨੌਜਵਾਨ, ਕਿਸਾਨ, ਮਜ਼ਦੂਰ ਅਤੇ ਔਰਤਾਂ ਕੱਲ੍ਹ ਜਾਣ ਤੋਂ ਰਹਿ ਗਏ ਸਨ, ਉਨ੍ਹਾਂ ਨੇ ਅੱਜ ਸਵੇਰੇ ਤੜਕਸਾਰ ਦਿੱਲੀ ਲਈ ਚਾਲੇ ਪਾ ਦਿੱਤੇ। ਮਾਲਵਾ ਖੇਤਰ ਦੇ ਹਰ ਪਿੰਡ ਵਿਚੋਂ ਦਿੱਲੀ ਲਈ ਕਾਫ਼ਲੇ ਰਵਾਨਾ ਹੋਏ ਹਨ। ਇਹ ਕਾਫ਼ਲੇ ਰੇਲ ਗੱਡੀਆਂ ਤੋਂ ਇਲਾਵਾ ਬੱਸਾਂ, ਟਰੱਕਾਂ, ਕੈਂਟਰਾਂ ਰਾਹੀਂ ਅੱਜ ਪਿੰਡਾਂ ’ਚੋਂ ਤੁਰੇ, ਜਦੋਂ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਕੱਲ੍ਹ ਟਰੈਕਟਰ-ਟਰਾਲੀਆਂ ਉਤੇ ਪਿੰਡਾਂ ’ਚੋਂ ਕਾਫ਼ਲਿਆਂ ਨੇ ਦਿੱਲੀ ਲਈ ਵਹੀਰਾਂ ਘੱਤੀਆਂ ਸਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜਥੇਬੰਦੀ ਨੂੰ ਮਾਲਵਾ ਖੇਤਰ ਦੇ ਪਿੰਡਾਂ ਵਿਚੋਂ ਮਿਲੀਆਂ ਰਿਪੋਰਟਾਂ ਅਨੁਸਾਰ ਵੱਡੀ ਗਿਣਤੀ ਵਿੱਚ ਮਾਈਆਂ ਸਮੇਤ ਲੋਕ ਪਿੰਡਾਂ ’ਚੋਂ ਦਿੱਲੀ ਲਈ ਸਵੇਰੇ-ਸਵੇਰੇ ਰਵਾਨਾ ਹੋਏ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਉਹ ਪਿਛਲੇ ਦੋ ਦਿਨਾਂ ਤੋਂ ਦਰਜਨਾਂ ਪਿੰਡਾਂ ਵਿੱਚ ਮੀਟਿੰਗਾਂ ਤੇ ਲਾਮਬੰਦੀ ਰੈਲੀਆਂ ਕਰਵਾ ਚੁੱਕੇ ਸਨ, ਜਿਸ ਦੌਰਾਨ ਕੱਲ੍ਹ ਅਤੇ ਅੱਜ ਲੋਕਾਂ ਨੇ ਹੌਸਲੇ ਨਾਲ ਦਿੱਲੀ ਜਾਣ ਲਈ ਚਾਲੇ ਪਾਏ।
ਸ਼ਹਿਣਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਦੀ ਅਗਵਾਈ ਹੇਠ ਕਸਬਾ ਸ਼ਹਿਣਾ ਤੋਂ ਦੋ ਗੱਡੀਆਂ ਦਾ ਕਾਫ਼ਲਾ ਸਿੰਘੂ ਬਾਰਡਰ ਦਿੱਲੀ ਲਈ ਰਵਾਨਾ ਹੋਇਆ। ਇਸ ਵਿੱਚ ਹਰਬੰਸ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ ਸਰਾਂ, ਸਤਿਨਾਮ ਸਿੰਘ ਸੱਤੀ, ਦਰਸ਼ਨ ਸਿੰਘ ਸਿੱਧੂ, ਜਗਤਾਰ ਦਾਸ ਬਾਵਾ, ਬਲਵੀਰ ਸਿੰਘ ਗਿੱਲ, ਚਮਕੌਰ ਸਿੰਘ ਕਾਲੇਕੇ, ਭੋਲਾ ਸਿੰਘ ਵਰਾ, ਜੰਗ ਸਿੰਘ ਸੇਖੋਂ, ਜਗਤਾਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਸਰਾਂ, ਗੁਰਜੀਤ ਸਿੰਘ ਸਿੱਧੂ, ਬਲਵੀਰ ਸਿੰਘ, ਦੇਵ ਸਿੰਘ ਖਾਲਸਾ, ਹੈਪੀ ਸਿੰਘ ਹਾਜ਼ਰ ਸਨ।
ਖੀਵੀ ਤੋਂ 12ਵਾਂ ਜੱਥਾ ਰਸਦ ਲੈ ਕੇ ਰਵਾਨਾ
ਫ਼ਰੀਦਕੋਟ (ਨਿੱਜੀ ਪੱਤਰ ਪੇ੍ਰਕ): ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਲੰਗਰ ਮਾਤਾ ਖੀਵੀ ਤੋਂ ਸੰਗਤਾਂ ਦਾ 12ਵਾਂ ਜੱਥਾ ਰਸਦ, ਆਚਾਰ, ਦਵਾਈਆਂ, ਲੋਈਆਂ, ਬਿਸਕੁਟ ਆਦਿ ਲੈ ਕੇ ਟਿਕਰੀ ਬਾਰਡਰ ਦਿੱਲੀ ਲਈ ਰਵਾਨਾ ਹੋ ਗਿਆ ਹੈ। ਇਸ ਜੱਥੇ ਦੀ ਅਗਵਾਈ ਲੰਗਰ ਮਾਤਾ ਖੀਵੀ ਜੀ ਦੇ ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਗਿੱਲ ਅਤੇ ਗੁਰਦਿੱਤ ਸਿੰਘ ਸੇਖੋਂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 26 ਨਵੰਬਰ ਨੂੰ ਕਿਸਾਨਾਂ ਨੂੰ ਅੰਦੋਲਨ ਲਈ ਲਈ ਦਿੱਲੀ ਵੱਲ ਕੂਚ ਕੀਤਿਆਂ ਇੱਕ ਸਾਲ ਹੋ ਜਾਣਾ ਹੈ। ਅੰਦੋਲਨ ਦੇ ਇੱਕ ਸਾਲ ਹੋਣ ’ਤੇ ਪੰਜਾਬ ਵਿੱਚੋਂ ਲੋਕਾਂ ਦਾ ਮੋਰਚਿਆਂ ਵਿੱਚ ਜਾਣਾ ਲਗਾਤਾਰ ਜਾਰੀ ਹੈ। ਲੰਗਰ ਮਾਤਾ ਖੀਵੀ ਜੀ ਦੀ ਪੂਰੀ ਟੀਮ ਪਹਿਲੇ ਦਿਨ ਤੋਂ ਇਸ ਅੰਦੋਲਨ ਨਾਲ ਜੁੜੀ ਹੋਈ ਹੈ। ਜਥੇ ਨੂੰ ਬੇਅੰਤ ਕੌਰ ਸੇਖੋਂ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਕੈਪਟਨ ਧਰਮ ਸਿੰਘ ਗਿੱਲ ਨੇ ਕਿਹਾ ਕਿ ਮੋਰਚਿਆਂ ਦੀ ਸਫ਼ਲਤਾ ਵਿੱਚ ਪੰਜਾਬ ਤੋਂ ਛੋਟੀ ਵੱਡੀ ਸੇਵਾ ਭੇਜਣ ਵਾਲੇ ਹਰ ਬੰਦੇ ਦਾ ਯੋਗਦਾਨ ਹੈ।