ਪੱਤਰ ਪ੍ਰੇਰਕ
ਮਾਨਸਾ, 20 ਅਕਤੂਬਰ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਐੱਨਐੱਸਐੱਸ ਵਿਭਾਗ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਰੈਲੀ ਕੱਢ ਕੇ ਜਾਗਰੂਕ ਕੀਤਾ। ਕਾਲਜ ਪ੍ਰਿੰਸੀਪਲ ਡਾ. ਲਵਲੀਨ ਨੇ ਇਸ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਕਾਲਜ ਦੇ ਐੱਨਐੱਸਐੱਸ ਦੇ 40 ਵਾਲੰਟੀਅਰਜ਼ ਅਤੇ ਪ੍ਰੋਗਰਾਮ ਅਫ਼ਸਰਾਂ ਨੇ ਜ਼ਿਲ੍ਹੇ ਦੇ 11 ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਪ੍ਰੋਗਰਾਮ ਅਫ਼ਸਰਾਂ ਡਾ.ਸੁਪਨਦੀਪ ਕੌਰ, ਪ੍ਰੋ.ਅਮਨਦੀਪ ਸਿੰਘ, ਪ੍ਰੋ.ਜਯੋਤੀ, ਡਾ. ਤਨਵੀਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਜੇ ਸਰਕਾਰ ਉਨ੍ਹਾਂ ਨੂੰ ਪਰਾਲੀ ਦੇ ਹੱਲ ਲਈ ਉਚਿਤ ਮੁਆਵਜ਼ਾ ਅਤੇ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਏ ਤਾਂ ਉਹ ਪਰਾਲੀ ਨੂੰ ਨਹੀਂ ਸਾੜਨਗੇ। ਉਨ੍ਹਾਂ ਇਹ ਵੀ ਕਿਹਾ ਕਿ ਪਰਾਲੀ ਸਾੜਨਾ ਉਨ੍ਹਾਂ ਦਾ ਸ਼ੌਕ ਨਹੀਂ, ਸਗੋਂ ਮਜ਼ਬੂਰੀ ਹੈ।
ਟੱਲੇਵਾਲ (ਪੱਤਰ ਪ੍ਰੇਰਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦੀਆਂ ਵਿਦਿਆਰਥਣਾਂ ਵੱਲੋਂ ਪਰਾਲੀ ਨਾਲ ਸਾੜਨ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਪ੍ਰਿੰਸੀਪਲ ਡਾ.ਹਰਬੰਸ ਕੌਰ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਸਬੰਧਿਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਵਿਦਿਆਰਥਣਾਂ ਵੱਲੋਂ ਸੰਸਥਾ ਦੇ ਐੱਨਐੱਸਐੱਸ ਵਿਭਾਗ ਅਤੇ ਰੈੱਡ ਰਬਿਨ ਕਲੱਬ ਦੇ ਸਹਿਯੋਗ ਨਾਲ ਬੈਨਰਾਂ ਅਤੇ ਪਰਚਿਆਂ ਦੀ ਵਰਤੋਂ ਕਰਦਿਆਂ ਹੋਇਆਂ ਖੇਤਾਂ ਵਿਚ ਪਰਾਲੀ ਨੂੰ ਸਾੜਨ ਦੀ ਥਾਂ ਉਸ ਦੀ ਸਹੀ ਸਾਂਭ ਸੰਭਾਲ ਕਰਨ ਦਾ ਸੰਦੇਸ਼ ਦਿੱਤਾ। ਸੰਸਥਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਨੇੜਲੇ ਪਿੰਡਾਂ ਵਿਚ ਰੈਲੀ ਕੱਢਦਿਆਂ ਕਿਸਾਨਾਂ ਨਾਲ ਇਸ ਵਿਸ਼ੇ ’ਤੇ ਗੱਲਬਾਤ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਾਰਥਿਕ ਪਹਿਲ ਨਾਲ ਅਸੀਂ ਵਾਤਾਵਰਨ ਦੀ ਸੁਰਖਿਆ ਕਰ ਕੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਵੀ ਸੁਰੱਖਿਅਤ ਕਰ ਸਕਦੇ ਹਾਂ।