ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 3 ਅਗਸਤ
ਇੱਥੇ ਸ਼ਹਿਰ ਵਿੱਚ ਪੀਐਨਜੀ ਗੈਸ ਪਾਈਪਲਾਈਨ ਪਾਉਣ ਦਾ ਕੰਮ ਗੁਜਰਾਤ ਦੀ ਗੈਸ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ। ਕੰਪਨੀ ਨੇ ਮੌਜੂਦਾ ਨਿਯਮਾਂ ਅਨੁਸਾਰ ਬਿਨਾਂ ਨੁਕਸਾਨ ਪਹੁੰਚਾਇਆ ਇਹ ਕੰਮ ਕਰਨਾ ਹੈ। ਪਰ ਕੰਪਨੀ ਵੱਲੋਂ ਜਿਸ ਤਰ੍ਹਾਂ ਸ਼ਹਿਰ ਵਿਚ ਪਾਈਪਲਾਈਨ ਪਾਈ ਗਈ ਹੈ, ਉਸ ਨਾਲ ਸ਼ਹਿਰ ਵਿਚ ਕਈ ਥਾਵਾਂ ’ਤੇ ਸੀਵਰੇਜ ਅਤੇ ਵਾਟਰ ਸਪਲਾਈ ਲਾਈਨਾਂ ਟੁੱਟ ਗਈਆਂ ਹਨ। ਇਸ ਕਾਰਨ ਰਸਤੇ ਬੰਦ ਹੋ ਜਾਂਦੇ ਹਨ।
ਇੱਥੇ ਉਦੇਕਰਨ ਰੋਡ ’ਤੇ ਪਸ਼ੂ ਹਸਪਤਾਲ ਕੋਲ ਕੰਪਨੀ ਵੱਲੋਂ ਖੁਦਾਈ ਕਰਨ ਸਮੇਂ ਵਾਟਰ ਸਪਲਾਈ ਅਤੇ ਸੀਵਰੇਜ ਦੀਆਂ ਪਾਈਆਂ ਟੁੱਟ ਗਈਆਂ ਹਨ। ਇਸ ਕਾਰਨ ਦੋ ਵੱਡੇ ਖੱਡੇ ਹੋ ਗਏ ਹਨ। ਇਸ ਕਰ ਕੇ ਮੁੱਖ ਰੇਲਵੇ ਰੋਡ ਤੱਕ ਸੜਕ ’ਤੇ ਪਾਣੀ ਭਰ ਜਾਂਦਾ ਹੈ ਤੇ ਦੋ ਨੰਬਰ ਵਾਰਡ ਦੀ ਆਬਾਦੀ ਦਾ ਰਸਤਾ ਬੰਦ ਹੋ ਜਾਂਦਾ ਹੈ। ਇਨ੍ਹਾਂ ਖੱਡਿਆਂ ਵਿੱਚ ਡਿੱਗ ਕੇ ਕਈ ਜਣੇ ਸੱਟਾਂ ਖਾ ਚੁੱਕੇ ਹਨ। ਕੰਪਨੀ ਵੱਲੋਂ ਕੀਤੇ ਜਾ ਰਹੇ ਕੰਮ ’ਤੇ ਗੁਣਵੱਤਾ ਪੱਖੋਂ ਵੀ ਸਵਾਲ ਚੁੱਕੇ ਜਾ ਰਹੇ ਹਨ। ਇਸ ਸਬੰਧ ਵਿਚ ਕੰਪਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੰਪਨੀ ਦਾ ਇੱਥੇ ਕੋਈ ਦਫ਼ਤਰ ਨਹੀਂ ਹੈ ਅਤੇ ਨਾ ਹੀ ਕੋਈ ਅਧਿਕਾਰੀ ਹੈ।
ਇਸ ਸਬੰਧੀ ਨਿਗਰਾਨ ਇੰਜਨੀਅਰ ਜਲ ਸਪਲਾਈ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸਬੰਧਤ ਜੇਈ ਜਤਿੰਦਰ ਕੁਮਾਰ ਦੀ ਡਿਊਟੀ ਇਸ ਦੇ ਹੱਲ ਲਈ ਲਗਾਈ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਇਹ ਕੰਪਨੀ ਦੀ ਜ਼ਿੰਮੇਵਾਰੀ ਹੈ ਪਰ ਸ਼ਹਿਰੀਆਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ, ਉਹ ਇਸ ਦਾ ਹੱਲ ਕਰਵਾਉਣ ਵਿਚ ਲੱਗੇ ਹੋਏ ਹਨ। ਇਸ ਟੁੱਟ-ਭੱਜ ਨੂੰ ਠੀਕ ਕਰਨ ਵਿਚ ਕੁਝ ਸਮਾਂ ਲੱਗੇਗਾ।
ਨੈਸ਼ਨਲ ਕੰਜ਼ਿਊਮਰ ਅਵੇਰਨੈੱਸ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ ਅਤੇ ਅਹੁਦੇਦਾਰ ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਭੰਵਰ ਲਾਲ ਸ਼ਰਮਾ, ਬਲਜੀਤ ਸਿੰਘ, ਸੁਭਾਸ਼ ਚਗਤੀ ਤੇ ਕਾਲਾ ਸਿੰਘ ਬੇਦੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੰਪਨੀ ਖ਼ਿਲਾਫ਼ ਸਖ਼ਤ ਕਰ ਕੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਇਲਾਕੇ ਦੀ ਵਾਟਰ ਸਪਲਾਈ ਅਤੇ ਸੀਵਰੇਜ ਸਿਸਟਮ ਨੂੰ ਬਹਾਲ ਕੀਤਾ ਜਾਵੇ।
ਗੈਸ ਕੰਪਨੀ ਕਰੇਗੀ ਸੜਕਾਂ ਦੀ ਮੁਰੰਮਤ: ਡੀਸੀ
ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਉਹ ਗੈਸ ਕੰਪਨੀ ਦੇ ਅਧਿਕਾਰੀਆਂ ਨੂੰ ਭਲਕੇ ਹੀ ਹਦਾਇਤ ਕਰਨਗੇ ਕਿ ਪੁੱਟੀਆਂ ਸੜਕਾਂ ਦਾ ਆਰਜ਼ੀ ਤੌਰ ’ਤੇ ਹੁਣੇ ਹੱਲ ਕੀਤਾ ਜਾਵੇ ਅਤੇ ਬਾਰਸ਼ਾਂ ਤੋਂ ਬਾਅਦ ਪੱਕੇ ਤੌਰ ’ਤੇ ਮੁਰੰਮਤ ਕੀਤੀ ਜਾਵੇ।
ਭਲਕੇ ਇਕੱਤਰ ਕਰਾਂਗਾ ਵੇਰਵੇ: ਵਿਧਾਇਕ ਬਰਾੜ
ਮੁਕਤਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਜੇ ਗੈਸ ਕੰਪਨੀ ਨੇ ਸੜਕਾਂ ਪੁੱਟਣ ਦੀ ਮਨਜ਼ੂਰੀ ਲਈ ਹੈ ਅਤੇ ਮੁਰੰਮਤ ਦਾ ਖ਼ਰਚਾ ਜਮ੍ਹਾਂ ਕਰਵਾਇਆ ਹੈ ਤਾਂ ਇਸ ਲਈ ਨਗਰ ਕੌਂਸਲ ਜ਼ਿੰਮੇਵਾਰ ਹੈ। ਉਹ ਭਲਕੇ ਇਸ ਸਬੰਧੀ ਸਾਰੇ ਵੇਰਵੇ ਇਕੱਤਰ ਕਰ ਕੇ ਅਧਿਕਾਰੀਆਂ ਨੂੰ ਤੁਰੰਤ ਪੁੱਟੀਆਂ ਸੜਕਾਂ ਮੁਰੰਮਤ ਕਰਨ ਦੀ ਹਦਾਇਤ ਕਰਨਗੇ।