ਰਵਿੰਦਰ ਰਵੀ
ਬਰਨਾਲਾ, 6 ਅਪਰੈਲ
ਪ੍ਰਾਈਵੇਟ ਫੈਕਟਰੀ ’ਚ ਪਿੰਡਾਂ ਦੀਆਂ ਲੜਕੀਆਂ ਨੂੰ ਲੈ ਕੇ ਜਾਣ ਵਾਲੀ ਬੱਸ ਪਿੰਡ ਕੱਟੂ ਬਾਲੀਆਂ ਵਾਲੀ ਸੜਕ ’ਤੇ ਪਲਟ ਗਈ। ਬੱਸ ਸਵਾਰ ਪਿੰਡ ਉੱਪਲੀ, ਕੱਟੂ, ਫਰਵਾਹੀ ਤੇ ਠੀਕਰੀਵਾਲ ਦੀਆਂ 11-12 ਦੇ ਕਰੀਬ ਲੜਕੀਆਂ ਜ਼ਖ਼ਮੀ ਹੋ ਗਈਆਂ। ਬੱਸ ਡਰਾਈਵਰ ’ਤੇ ਸ਼ਰਾਬ ਦੇ ਨਸ਼ੇ ਵਿੱਚ ਟੁੰਨ ਹੋਣ ਦਾ ਦੋਸ਼ ਲੱਗਿਆ ਹੈ। ਪਿੰਡ ਉੱਪਲੀ ਦੇ ਸਰਪੰਚ ਜਗਤਾਰ ਸਿੰਘ ਭੋਲਾ ਤੇ ਹੋਰ ਪਿੰਡ ਵਾਲਿਆਂ ਦੀ ਮੱਦਦ ਨਾਲ ਆਪਣੀਆਂ ਕਾਰਾਂ ਰਾਹੀਂ ਜ਼ਖ਼ਮੀ ਲੜਕੀਆਂ ਨੂੰ ਸਰਕਾਰੀ ਹਸਪਤਾਲ ਧਨੌਲਾ ’ਚ ਦਾਖਲ ਕਰਵਾਇਆ। ਇਨ੍ਹਾਂ ਦੀ ਮੱਲ੍ਹਮ ਪੱਟੀ ਕੀਤੀ ਗਈ।
ਜ਼ਖ਼ਮੀ ਹਾਲਤ ’ਚ ਸ਼ਿੰਦਰ ਕੌਰ, ਬੀਨਾ ਰਾਣੀ, ਚਰਨਜੀਤ ਕੌਰ, ਬੀਰਾਂ, ਸੰਦੀਪ ਕੌਰ, ਗੁਰਮੀਤ ਕੌਰ, ਬੇਅੰਤ ਕੌਰ, ਕੁਲਵੰਤਪ੍ਰੀਤ ਕੌਰ, ਹੈਪੀ ਅਤੇ ਗਗਨਦੀਪ ਕੌਰ ਨੇ ਦੱਸਿਆ ਕਿ ਡਰਾਈਵਰ ਸਾਹਿਬ ਸਿੰਘ ਵਾਸੀ ਘਰਾਚੋਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਬੱਸ ਤੇਜ਼ ਚਲਾ ਰਿਹਾ ਸੀ ਜੋ ਬੇਕਾਬੂ ਹੋ ਕੇ ਪਲਟ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫੈਕਟਰੀ ਦੇ ਸੀਨੀਅਰ ਕਰਮਚਾਰੀ ਅਨਿਲ ਸਰਮਾ, ਰਾਮ ਕੁਮਾਰ, ਤੇ ਮੈਡਮ ਪ੍ਰਿੰਸੀ ਪਹੁੰਚੇ।
ਡਾ. ਨਵਜੋਤਪਾਲ ਸਿੰਘ ਭੁੱਲਰ ਐਸਐਮਓ ਧਨੌਲਾ ਤੇ ਡਾ. ਸਤਵੰਤ ਸਿੰਘ ਔਜਲਾ ਨੇ ਦੱਸਿਆ ਕਿ ਡਿਊਟੀ ’ਤੇ ਹਾਜ਼ਰ ਡਾ. ਵਿਸ਼ਾਲਵੀਰ (ਸਰਜਨ) ਤੇ ਟੀਮ ਨੇ ਜ਼ਖ਼ਮੀ ਲੜਕੀਆਂ ਦੀ ਸਾਂਭ ਸੰਭਾਲ ਕੀਤੀ ਤੇ ਦੋ ਲੜਕੀਆਂ ਨੂੰ ਦੂਸਰੇ ਹਸਪਤਾਲ ਲਈ ਰੈਫਰ ਕੀਤਾ ਸੀ, ਸਾਰੀਆਂ ਲੜਕੀਆਂ ਖਤਰੇ ਤੋਂ ਬਾਹਰ ਹਨ।
ਸੜਕ ਹਾਦਸੇ ਵਿੱਚ ਜ਼ਖ਼ਮੀ ਵਿਅਕਤੀ ਨੇ ਦਮ ਤੋੜਿਆ
ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਖੂਈਖੇੜਾ ਪੁਲੀਸ ਨੇ ਪਿੰਡ ਰਾਮਕੋਟ ਦੇ ਸਰਕਾਰੀ ਸਕੂਲ ਨੇੜੇ ਟਰੈਕਟਰ-ਟਰਾਲੀ ਦੀ ਟੱਕਰ ਨਾਲ ਮੋਟਰਸਾਈਕਲ ਚਾਲਕ ਦੀ ਮੌਤ ਹੋਣ ਸਬੰਧੀ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦਿਲਜੋਤ ਵਾਸੀ ਪਿੰਡ ਆਜ਼ਮ ਵਾਲਾ ਨੇ ਪੁਲੀਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ 31 ਮਾਰਚ 2021 ਨੂੰ ਦੁਪਹਿਰੇ ਉਸ ਦਾ ਪਿਤਾ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਪਿੰਡ ਰਾਮਕੋਟ ਦੇ ਸਰਕਾਰੀ ਸਕੂਲ ਦੇ ਨੇੜੇ ਜਸਵਿੰਦਰ ਸਿੰਘ ਵਾਸੀ ਪਿੰਡ ਰਾਮਕੋਟ ਨੇ ਆਪਣੇ ਟਰੈਕਟਰ-ਟਰਾਲੀ ਉਸ ਦੇ ਪਿਤਾ ਦੇ ਮੋਟਰਸਾਈਕਲ ’ਚ ਮਾਰੀ। ਇਸ ਕਾਰਨ ਉਨ੍ਹਾਂ ਦੇ ਸੱਟਾਂ ਲੱਗੀਆਂ ਅਤੇ ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਟਰੈਕਟਰ-ਟਰਾਲੀ ਚਾਲਕ ਖਿਲਾਫ਼ ਧਾਰਾ 304-ਏ, 279, 427 ਦੇ ਤਹਿਤ ਕੇਸ ਦਰਜ ਕਰ ਲਿਆ ਹੈ।