ਪੱਤਰ ਪ੍ਰੇਰਕ
ਅਬੋਹਰ, 6 ਸਤੰਬਰ
ਇਥੋਂ ਦੀ ਨਵੀਂ ਆਬਾਦੀ ਗਲੀ ਨੰਬਰ 10 ਦੀ ਰਹਿਣ ਵਾਲੀ ਇੱਕ ਵਿਆਹੁਤਾ ਔਰਤ ਜੋ ਸੋਮਵਾਰ ਨੂੰ ਘਰੋਂ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਈ ਸੀ, ਦੀ ਲਾਸ਼ ਅੱਜ ਸਵੇਰੇ ਪਿੰਡ ਬਕਾਇਨ ਵਾਲਾ ਕੋਲੋਂ ਇੱਕ ਖਾਲੇ ਵਿੱਚੋਂ ਬਰਾਮਦ ਹੋਈ ਹੈ। ਮਿ੍ਤਕਾ ਦੀ ਪਛਾਣ ਉਮਾ ਭਾਰਤੀ ਵਜੋਂ ਹੋਈ ਹੈ। ਲਾਸ਼ ਦੀ ਪਛਾਣ ਉਸ ਦੇ ਪਤੀ ਸੁਖਦੇਵ ਨੇ ਕੀਤੀ। ਘਟਨਾ ਦੀ ਸੂਚਨਾ ਮਿਲਣ ’ਤੇ ਅਬੋਹਰ ਦੇ ਡੀਐਸਪੀ ਅਤੇ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲੀਸ ਨੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਅਨੀਸ਼ ਨਰੂਲਾ ਅਤੇ ਸੋਨੂੰ ਗਰੋਵਰ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜਿਆ।
ਜ਼ਿਕਰਯੋਗ ਹੈ ਕਿ ਉਮਾ ਭਾਰਤੀ ਦੇ ਪਤੀ ਸੁਖਦੇਵ ਨੇ ਪੁਲੀਸ ਨੂੰ ਦੱਸਿਆ ਕਿ ਉਹ ਸੋਮਵਾਰ ਸਵੇਰੇ 11 ਵਜੇ ਘਰੋਂ ਕੰਮ ’ਤੇ ਗਿਆ ਸੀ। ਉਦੋਂ ਉਸ ਦੀ ਪਤਨੀ ਘਰ ਵਿੱਚ ਸਹੀ ਸਲਾਮਤ ਸੀ, ਪਰ ਜਦੋਂ ਉਹ ਦੁਪਹਿਰੇ ਖਾਣਾ ਖਾਣ ਲਈ ਘਰ ਆਇਆ ਤਾਂ ਘਰ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਸੀ। ਉਸ ਨੇ ਆਲੇ-ਦੁਆਲੇ ਆਪਣੀ ਪਤਨੀ ਦੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਲੱਗਾ। ਉਹ ਗੁਆਂਢੀਆਂ ਦੇ ਘਰੋਂ ਆਪਣੇ ਘਰ ਅੰਦਰ ਦਾਖਲ ਹੋਇਆ ਤਾਂ ਉਸ ਨੇ ਦੇਖਿਆ ਕਿ ਘਰ ਦੀਆਂ ਪੌੜੀਆਂ ’ਤੇ ਖੂਨ ਦੇ ਛਿੱਟੇ ਪਏ ਹੋਏ ਸਨ। ਚੂੜੀਆਂ ਟੁੱਟੀਆਂ ਹੋਈਆਂ ਸਨ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦੋ ਮਹੀਨੇ ਦੀ ਗਰਭਵਤੀ ਸੀ। ਅੱਜ ਸਵੇਰੇ ਉਸ ਨੂੰ ਸੋਸ਼ਲ ਮੀਡੀਆ ਰਾਹੀਂ ਪਤਨੀ ਦੀ ਲਾਸ਼ ਮਿਲਣ ਦਾ ਪਤਾ ਚਲਿਆ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ।