ਨਿੱਜੀ ਪੱਤਰ ਪ੍ਰੇਰਕ
ਮਲੋਟ, 26 ਨਵੰਬਰ
ਮੁਫ਼ਤ ਤੇ ਲਾਜ਼ਮੀ ਸਿੱਖਿਆ ਦਾ ਰਾਗ ਅਲਾਪਣ ਵਾਲੀ ਪੰਜਾਬ ਸਰਕਾਰ ਦੇ ਰਾਜ ਕਾਲ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਤੋਂ ਕਰੋਨਾ ਕਾਲ ਦੀਆਂ ਫੀਸਾਂ ਜਬਰੀ ਉਗਰਾਹੁਣ ਉਪਰੰਤ ਸਿੱਖਿਆ ਬੋਰਡ ਵੱਲੋਂ ਮਾਰਚ 21 ਦੀਆਂ ਪ੍ਰੀਖਿਆਵਾਂ ਲਈ ਤੈਅ ਕੀਤੀਆਂ ਮੋਟੀਆਂ ਫੀਸਾਂ ਮਾਪਿਆਂ ਦੀਆਂ ਜੇਬਾਂ ’ਤੇ ਦਿਨ ਦਿਹਾੜੇ ਡਾਕਾ ਮਾਰਨ ਦੇ ਰਾਹ ਤੁਰ ਪਿਆ ਹੈ।
ਬੋਰਡ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਮੈਟ੍ਰਿਕ ਲਈ 800 ਰੁਪਏ ਤੇ ਪ੍ਰਤੀ ਪ੍ਰਯੋਗੀ ਵਿਸ਼ਾ 100 ਰੁਪਏ ਜਦਕਿ ਬਾਰ੍ਹਵੀਂ ਜਮਾਤ ਲਈ 1200 ਰੁਪਏ ਪ੍ਰੀਖਿਆ ਫੀਸ ਤੇ ਪ੍ਰਤੀ ਪ੍ਰਯੋਗੀ ਵਿਸ਼ਾ 150 ਰੁਪਏ ਤੈਅ ਕੀਤੇ ਗਏ ਹਨ। ਵਾਧੂ ਵਿਸ਼ਿਆਂ ਦੀ ਫੀਸ ਇਸ ਤੋਂ ਵੱਖਰੀ ਹੈ। ਜ਼ਿਕਰਯੋਗ ਹੈ ਕਿ ਕਰੋਨਾ ਸੰਕਟ ਵਿੱਚ ਪਿਛਲੇ ਵਿਦਿਅਕ ਸੈਸ਼ਨ ਵਿੱਚ ਰੱਦ ਹੋਈਆਂ ਬੋਰਡ ਪ੍ਰੀਖਿਆਵਾਂ ਵਿੱਚ ਸਿੱਖਿਆ ਬੋਰਡ ਨੇ ਸਰਟੀਫਿਕੇਟਾਂ,ਪ੍ਰਯੋਗੀ ਪ੍ਰੀਖਿਆਵਾਂ ਵਿੱਚੋਂ ਲੱਖਾਂ ਰੁਪਏ ਦਾ ਮੁਨਾਫਾ ਕਮਾਇਆ ਹੈ। ਜਦਕਿ ਪ੍ਰੀਖਿਆ ਡਿਊਟੀ ਦੇਣ ਵਾਲੇ ਤੇ ਪੇਪਰ ਮਾਰਕਿੰਗ ਕਰਨ ਵਾਲੇ ਅਧਿਆਪਕਾਂ ਦਾ ਮਿਹਨਤਾਨਾ ਵੀ ਖੁਦ ਹੀ ਹੜੱਪ ਕੀਤਾ ਹੈ। ਅਧਿਆਪਕ ਆਗੂਆਂ ਨੇ ਆਖਿਆ ਕਿ ਜੇਕਰ ਸਰਕਾਰ ਮੁਫਤ ਤੇ ਲਾਜਮੀ ਸਿੱਖਿਆ ਦੀ ਨੀਤੀ ਪ੍ਰਤੀ ਸਚਮੁੱਚ ਹੀ ਸੁਹਿਰਦ ਹੈ ਤਾਂ ਆਪਣੇ ਵਿਧਾਇਕਾਂ/ਮੰਤਰੀਆਂ ਦੇ ਬੇਲੋੜੇ ਖਰਚਿਆਂ ਤੇ ਕੱਟ ਲਗਾਕੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਪ੍ਰੀਖਿਆ ਫੀਸਾਂ ਭਰਨ ਦਾ ਪ੍ਰਬੰਧ ਕਰੇ।