ਪੱਤਰ ਪ੍ਰੇਰਕ
ਭੀਖੀ, 7 ਸਤੰਬਰ
ਮਾਨਸਾ ਜ਼ਿਲ੍ਹੇ ਦੇ ਬਲਾਕ-ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਪੂਰੇ ਸੱਤ ਦਿਨਾਂ ਬਾਅਦ ਅੱਜ ਦੀ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਵਿੱਚ ਸਮਾਪਤ ਹੋ ਗਈਆਂ। ਜ਼ਿਲ੍ਹਾ ਖੇਡ ਕੋਚ, ਬਲਾਕ ਭੀਖੀ ਇੰਚਾਰਜ ਸ਼ਾਲੂ ਸ਼ਰਮਾ ਨੇ ਖੇਡ ਮੇਲੇ ਦੀ ਸਫਲਤਾ ਲਈ ਰੌਇਲ ਕਾਲਜ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਕਾਲਜ ਵਿਦਿਆਰਥੀਆਂ ਨੇ ਖੇਡਾਂ ’ਚ ਵਧ ਚੜ੍ਹ ਕੇ ਭਾਗ ਲਿਆ ਤੇ ਜਿੱਤ ਪ੍ਰਾਪਤ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ। ਕਾਲਜ ਦੇ ਡੀਨ ਪ੍ਰੋ. ਸੁਰਜਨ ਸਿੰਘ ਨੇ ਸਮੂਹ ਖਿਡਾਰੀਆਂ ਤੇ ਖੇਡ ਅਧਿਕਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਡੀਪੀਈ ਅਧਿਆਪਕਾਂ ਦੀ ਯੋਗ ਅਗਵਾਈ ਵਿੱਚ ਖੇਡਾਂ ਨੂੰ ਨੇਪਰੇ ਚਾੜ੍ਹਿਆ, ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਨਹਿਰੂ ਕਾਲਜ ’ਚ ਜ਼ਿਲ੍ਹਾ ਪੱਧਰੀ ਮੁਕਾਬਲੇ 12 ਤੋਂ
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਦੀ ਡੀਸੀ ਬਲਦੀਪ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ 12 ਸਤੰਬਰ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਸਬੰਧੀ 12 ਸਤੰਬਰ ਨੂੰ ਜ਼ਿਲਾ ਪੱਧਰੀ ਸ਼ੁਰੂਆਤੀ ਸਮਾਗਮ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿੱਚ ਕੀਤਾ ਜਾਵੇਗਾ। ਜ਼ਿਲ੍ਹਾ ਪੱਧਰ ’ਤੇ ਅਥਲੈਟਿਕਸ, ਖੋ-ਖੋ, ਕਬੱਡੀ (ਨੈਸ਼ਨਲ ਅਤੇ ਸਰਕਲ ਸਟਾਈਲ), ਵਾਲੀਬਾਲ, ਕੁਸ਼ਤੀ, ਬਾਸਕਟਬਾਲ, ਜੂਡੋ, ਫੁੱਟਬਾਲ, ਗਤਕਾ, ਹਾਕੀ, ਬਾਕਸਿੰਗ, ਨੈੱਟਬਾਲ, ਕਿੱਕ ਬਾਕਸਿੰਗ, ਬੈਡਮਿੰਟਨ, ਰੋਲਰ ਸਕੇਟਿੰਗ, ਟੇਬਲ ਟੈਨਿਸ ਅਤੇ ਹੈਂਡਬਾਲ ਆਦਿ ਮੁਕਾਬਲੇ ਹੋਣਗੇ।