ਪਰਸ਼ੋਤਮ ਬੱਲੀ
ਬਰਨਾਲਾ, 8 ਅਕਤੂਬਰ
ਟੌਲ ਪਲਾਜ਼ਾ ਪੱਖੋ ਕੈਂਚੀਆਂ ਚੁਕਵਾਉਣ ਦੀ ਮੰਗ ਲਈ ਕਰੀਬ ਡੇਢ ਮਹੀਨੇ ਤੋਂ ਪੱਕਾ ਮੋਰਚਾ ਲਾ ਕੇ ਡਟੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਅੱਜ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਸਥਿਤ ਕੋਠੀ ਦਾ ਘਿਰਾਓ ਕੀਤਾ ਗਿਆ।
ਯੂਨੀਅਨ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਸਾਲ 2018 ਵਿੱਚ ਆਪਣੀ ਸੰਸਦ ਮੈਂਬਰੀ ਸਮੇਂ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਟੌਲ ਨੂੰ ਗ਼ੈਰਕਾਨੂੰਨੀ ਗਰਦਾਨਦਿਆਂ ਜ਼ਿਲ੍ਹੇ ਨਾਲ ਸਬੰਧਿਤ ਤਤਕਾਲੀ ‘ਆਪ’ ਵਿਧਾਇਕਾਂ ਸਣੇ ਇੱਥੇ ਧਰਨਾ ਦਿੱਤਾ ਸੀ। ਪਰ ਹੁਣ ਉਹ ਉਸੇ ਮੁੱਦੇ ’ਤੇ ਧਰਨਾ ਲਾ ਕੇ ਬੈਠਿਆਂ ਨਾਲ ਮਸਲੇ ਦੇ ਹੱਲ ਲਈ ਮੀਟਿੰਗ ਤੱਕ ਦਾ ਸਮਾਂ ਤਕ ਨਹੀਂ ਦੇ ਰਹੇ। ਆਗੂਆਂ ਕਿਹਾ ਕਿ ਉਹ ਇਸ ਤੋਂ ਪਹਿਲਾਂ ਡੀਸੀ ਬਰਨਾਲਾ ਨੂੰ ਮੰਗ ਪੱਤਰ ਦੇ ਕੇ ਮੰਗ ਕਰ ਚੁੱਕੇ ਹਨ ਕਿ ਗ਼ਲਤ ਥਾਂ (ਸਟੇਟ ਹਾਈਵੇਅ) ’ਤੇ ਲੱਗਿਆ ਇਹ ਟੌਲ ਪਲਾਜ਼ਾ ਚੁਕਵਾਇਆ ਜਾਵੇ। ਅੱਜ ਮਜਬੂਰਨ ਧਰਨਾਕਾਰੀ ਉੱਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਟੌਲ ਪਲਾਜ਼ਾ ਤੋਂ ਇਕੱਠੇ ਹੋ ਕੇ ਮਾਰਚ ਕਰਦੇ ਤੇ ਬੈਰੀਕੇਡ ਤੋੜਦੇ ਹੋਏ ਪਹੁੰਚੇ ਹਨ। ਬੁਲਾਰਿਆਂ ਨੇ ਕਿਹਾ ਕਿ ਜੇ ਜਲਦ ਹੀ ਇਸ ਮਸਲੇ ਦਾ ਠੋਸ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਆਗੂਆਂ 11 ਅਕਤੂਬਰ ਨੂੰ ਜ਼ਮੀਨੀ ਘੋਲ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਮਨਾਈ ਜਾ ਰਹੀ 12ਵੀਂ ਬਰਸੀ ਮੌਕੇ ਕਾਫ਼ਲੇ ਬੰਨ੍ਹ ਕੇ ਚੱਕ ਅਲੀਸ਼ੇਰ (ਮਾਨਸਾ) ਪੁੱਜਣ ਦੀ ਅਪੀਲ ਕੀਤੀ।
ਇਸ ਦੌਰਾਨ ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰਪਾਲ ਦੀ ਅਗਵਾਈ ਵਿੱਚ ਕਾਫ਼ਲੇ ਦੇ ਰੂਪ ਵਿੱਚ ਸ਼ਮੂਲੀਅਤ ਕਰ ਕੇ ਸਮਰਥਨ ਕੀਤਾ ਹੈ। ਇਸ ਮੌਕੇ ਬਲਬੀਰ ਕੌਰ, ਪ੍ਰੇਮਪਾਲ ਕੌਰ, ਸਿੰਦਰਪਾਲ ਕੌਰ, ਬੀਕੇਯੂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਮਲਕੀਤ ਸਿੰਘ ਈਨਾ, ਗੁਰਦੇਵ ਸਿੰਘ ਮਾਂਗੇਵਾਲ, ਦਰਸ਼ਨ ਸਿੰਘ ਮਹਿਤਾ, ਸਾਹਿਬ ਸਿੰਘ ਬਡਬਰ, ਰਾਮ ਸਿੰਘ ਸ਼ਹਿਣਾ, ਹਰਚਰਨ ਸਿੰਘ ਸੁਖਪੁਰਾ, ਬਲਾਕ ਬਰਨਾਲਾ ਪ੍ਰਧਾਨ ਪਰਮਿੰਦਰ ਸਿੰਘ ਹੰਡਿਆਇਆ, ਜਗਰਾਜ ਸਿੰਘ ਹਰਦਾਸਪੁਰਾ ਤੇ ਭੋਲਾ ਸਿੰਘ ਛੰਨਾਂ ਆਦਿ ਹਾਜ਼ਰ ਸਨ। ਸਟੇਜ ਦੀ ਕਾਰਵਾਈ ਕੁਲਵੰਤ ਸਿੰਘ ਭਦੌੜ ਨੇ ਨਿਭਾਈ।