ਜੋਗਿੰਦਰ ਸਿੰਘ ਮਾਨ
ਮਾਨਸਾ, 22 ਜੂਨ
ਭਾਰਤ-ਚੀਨ ਦੇ ਫੌਜੀਆਂ ਦੀ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਦੌਰਾਨ ਸ਼ਹੀਦ ਹੋਏ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਜਵਾਨ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਸੀਪੀਆਈ (ਐਮਐਲ) ਲਬਿਰੇਸ਼ਨ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਮੰਗ ਕੀਤੀ ਕਿ ਭਾਜਪਾ ਦੇਸ਼ ਦੇ ਨਿਹੱਥੇ ਫੌਜ਼ੀ ਨੌਜਵਾਨਾਂ ਦੀਆਂ ਬਲੀਆਂ ਦੇਣੀਆ ਬੰਦ ਕਰੇ।
ਲਬਿਰੇਸ਼ਨ ਦੇ ਰਾਜਵਿੰਦਰ ਰਾਣਾ, ਸੀਪੀਆਈ ਦੇ ਕ੍ਰਿਸ਼ਨ ਚੌਹਾਨ, ਮੇਜਰ ਸਿੰਘ ਦੂਲੋਵਾਲ, ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਏਕਟੂ ਦੇ ਜ਼ਿਲ੍ਹਾ ਕਨਵੀਨਰ ਕਾਮਰੇਡ ਅਮਰੀਕ ਸਮਾਓਂ, ਗੁਰਜੰਟ ਸਿੰਘ ਮਾਨਸਾ, ਵਾਸਦੇਵ ਗਰਗ, ਇਨਕਲਾਬੀ ਨੌਜਵਾਨ ਸਭਾ ਦੇ ਵਿੰਦਰ ਆਲਖ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਪ੍ਰਦੀਪ ਗੁਰੂ, ਪੰਜਾਬ ਕਿਸਾਨ ਯੂਨੀਅਨ ਦੇ ਜਰਨੈਲ ਸਿੰਘ ਮਾਨਸਾ, ਰੇਹੜੀ ਮਜਦੂਰ ਯੂਨੀਅਨ ਦੇ ਜਰਨੈਲ ਸਿੰਘ ਮਾਨਸਾ ਨੇ ਸਾਂਝੇ ਰੂਪ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਜਦੋਂ ਬਿਹਾਰ ਚ ਚੋਣਾਂ ਆ ਗਈਆਂ ਹਨ ਤਾਂ ਕੇਂਦਰ ਸਰਕਾਰ ਵੱਲੋਂ ਭਾਰਤ ਚੀਨ ਸਰਹੱਦਾਂ ਤੇ ਨਿਹੱਥੇ ਦੇਸ਼ ਦੇ ਨੌਜਵਾਨ ਫੌਜੀਆਂ ਦੀਆਂ ਬਲੀਆਂ ਦਿੱਤੀਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਦੇਸ਼ ਦੇ ਬਜਟ ਦਾ ਵੱਡਾ ਹਿੱਸਾ ਜਿੱਥੇ ਦੇਸ਼ ਦੀ ਸੁਰਖਿਆ ਦੇ ਨਾਂ ਹੇਠ ਖਰਚ ਕੀਤਾ ਜਾਂਦਾ ਹੈ, ਉਥੇ ਭਾਰਤ-ਚੀਨ ਸਰਹੱਦ ‘ਤੇ ਗਾਲਵਾਨ ਘਾਟੀ ਵਿਚ ਭਾਰਤੀ ਨੌਜਵਾਨ ਫੌਜੀਆਂ ਨੂੰ ਬਿਨਾਂ ਹਥਿਆਰਾਂ ਤੋਂ ਨਿਹੱਥੇ ਕਰਕੇ ਉਨ੍ਹਾਂ ਦੀਆਂ ਬਲੀਆਂ ਦਿੱਤੀਆਂ ਜਾ ਰਹੀਆਂ ਹਨ।
ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀਆਂ
ਝੁਨੀਰ (ਪੱਤਰ ਪ੍ਰੇਰਕ): ਅੱਜ ਕਸਬਾ ਝੁਨੀਰ ਵਿਖੇ “ਜੈ ਜਵਾਨ ਜੈ ਕਿਸਾਨ” ਮੋਰਚੇ ਦੇ ਵਰਕਰਾਂ ਅਤੇ ਸਾਬਕਾ ਫੌਜੀਆਂ ਨੇ ਬੀਤੇ ਦਿਨ ਚੀਨ ਬਾਰਡਰ ਤੇ ਸ਼ਹੀਦ ਹੋਏ ਫੌਜੀਆਂ ਦੀ ਯਾਦ ਵਿੱਚ ਮੋਮਬੱਤੀਆਂ ਅਤੇ ਲਾਈਟਾਂ ਜਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਸਾਬਕਾ ਫੌਜੀ ਸ਼ੇਰ ਸਿੰਘ ਨੰਬਰਦਾਰ ਅਤੇ ਗੁਰਦੀਪ ਸਿੰਘ ਫ਼ੌਜੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਚੀਨ ਨਾਲ ਸਖ਼ਤੀ ਨਾਲ ਸਰਹੱਦੀ ਮਸਲੇ ਸੁਲਝਾਏ। ਯੂਥ ਆਗੂ ਕਮਲਪ੍ਰੀਤ ਕੌਰ ਸਿੱਧੂ, ਗੁਰਜੀਤ ਸਿੰਘ, ਗੁਰਜੰਟ ਸਿੰਘ, ਬਿੱਕਰ ਸਿੰਘ ਨੇ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਇੱਕ-ਇੱਕ ਕਰੋੜ ਰੁਪਏ ਦੀ ਰਾਸ਼ੀ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ।