ਯਸ਼ ਚਟਾਨੀ
ਬਾਘਾ ਪੁਰਾਣਾ, 9 ਸਤੰਬਰ
ਇਥੇ ਸ਼ਹਿਰ ਦੇ ਮੁਗਲੂ ਅਤੇ ਪੁਰਾਣਾ ਪੱਤੀ ਦੇ ਪ੍ਰਾਇਮਰੀ ਸਕੂਲ ਦੀਆਂ ਨੰਨ੍ਹੀਆਂ ਬੱਚੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਗੁਜ਼ਾਰੀ ਉੱਪਰ ਇਸੇ ਕਰ ਕੇ ਉਂਗਲ ਧਰ ਰਹੀਆਂ ਹਨ, ਕਿਉਂਕਿ ਸਕੂਲ ਜਾਣ ਵਾਲੇ ਉਨ੍ਹਾਂ ਦੇ ਰਸਤੇ ਨੂੰ ਬਣਾਉਣ ਲਈ ਵੀ ਅਧਿਕਾਰੀ ਸਿਆਸੀ ਆਗੂਆਂ ਦੀ ਖਹਬਿਾਜ਼ੀ ਕਾਰਨ ਖ਼ਾਮੋਸ਼ ਬੈਠੇ ਹਨ। ਸਕੂਲ ਦੇ ਲਾਗੇ ਬਣਾਈ ਜਾ ਰਹੀ ਪੁਲੀ ਦੇ ਨਿਰਮਾਣ ਕਾਰਨ ਉਸਦੇ ਬਰਾਬਰ ਬਣਾਇਆ ਗਿਆ ਆਰਜ਼ੀ ਰਸਤਾ ਜੋ ਪਹਿਲਾਂ ਹੀ ਟੁੱਟੀਆਂ ਅਤੇ ਖਸਤਾ ਹਾਲ ਸਲੈਬਾਂ ਨਾਲ ਬਣਾਇਆ ਗਿਆ ਸੀ, ਉਹ ਹੁਣ ਤੱਕ ਚਾਰ-ਵਾਰ ਟੁੱਟ ਚੁੱਕਾ ਹੈ, ਜਿਸ ਤੋਂ ਲੰਘਣ ਵਾਲੇ ਰਾਹਗੀਰ ਔਖੇ ਹੋ ਕੇ ਲੰਘਦੇ ਹਨ। ਛੋਟੀਆਂ ਬੱਚੀਆਂ ਨੂੰ ਹਰ ਰੋਜ਼ ਹੀ ਇਥੋਂ ਲੰਘਦੇ ਲੋਕ ਅਕਸਰ ਹੀ ਰਸਤਾ ਪਾਰ ਕਰਵਾਉਂਦੇ ਦੇਖੇ ਜਾਂਦੇ ਹਨ। ਕਈ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਕੰਮ-ਕਾਰ ਛੱਡ ਕੇ ਸਵੇਰੇ ਸ਼ਾਮ ਖੁਦ ਆਉਣਾ ਪੈਂਦਾ ਹੈ। ਬੀਤੀ ਸ਼ਾਮ ਇਸ ਆਰਜ਼ੀ ਰਸਤੇ ਤੋਂ ਲੰਘਣ ਵਾਲੀ ਇੱਕ ਬਜ਼ੁਰਗ ਔਰਤ ਵੀ ਸੱਟਾਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ ਸੀ। ਦੱਸਣਯੋਗ ਹੈ ਕਿ ਕੌਂਸਲਰ ਦੀ ਕਿਸੇ ਦੂਜੀ ਧਿਰ ਨਾਲ ਸਿਆਸੀ ਖਹਬਿਾਜ਼ੀ ਨਿਰਮਾਣ ਕਾਰਜ ਵਿੱਚ ਅੜਿੱਕਾ ਬਣੀ ਹੋਈ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮਾਪੇ ਆਪਣੇ ਬੱਚਿਆਂ ਸਮੇਤ ਧਰਨੇ ਦੇਣ ਦੀ ਤਿਆਰੀ ਵਿੱਚ ਹਨ। ਇਸ ਸਬੰਧੀ ਰਾਹਗੀਰਾਂ ਅਤੇ ਵਿਸ਼ੇਸ਼ ਕਰ ਕੇ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਡਿਪਟੀ ਕਮਿਸ਼ਨਰ ਮੋਗਾ ਦਾ ਧਿਆਨ ਕੌਂਸਲ ਦੀ ਅਵੇਸਲੀ ਕਾਰਗੁਜ਼ਾਰੀ ਅਤੇ ਅਣਗਹਿਲੀ ਵੱਲ ਦਿਵਾਉਂਦਿਆਂ ਮੰਗ ਕੀਤੀ ਹੈ ਕਿ ਰਸਤਾ ਜਲਦੀ ਬਣਾਇਆ ਜਾਵੇ।