ਪਰਮਜੀਤ ਸਿੰਘ
ਫਾਜ਼ਿਲਕਾ, 9 ਨਵੰਬਰ
ਇੱਥੇ ਅੱਜ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ ਬਬਿਤਾ ਕਲੇਰ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਰੈਲੀ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਰੈਲੀ ਫਾਜ਼ਿਲਕਾ ਦੇ ਬਹੁਮੰਤਵੀ ਖੇਡ ਸਟੇਡੀਅਮ ਤੋੋਂ ਸੁਰੂ ਹੋਈ ਅਤੇ ਆਸਫਵਾਲਾ ਦੇ ਵਾਰ ਮੈਮੋਰੀਅਲ ਤੋਂ ਹੋ ਕੇ ਵਾਪਸ ਸਟੇਡੀਅਮ ਵਿੱਚ ਹੀ ਸਮਾਪਤ ਹੋਈ।ਇਸ ਮੌਕੇ ਡਿਪਟੀ ਕਮਿਸ਼ਨਰ ਬਬਿਤਾ ਕਲੇਰ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ 75 ਹਫ਼ਤਿਆਂ ਤੱਕ ਚੱਲਣ ਵਾਲੇ ਜ਼ਸਨਾਂ ਦੀ ਜ਼ਿਲ੍ਹੇ ’ਚ ਇਸ ਰੈਲੀ ਨਾਲ ਸ਼ੁਰੂਆਤ ਹੋਈ ਹੈ ਅਤੇ ਅੱਗੇ ਵੀ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨਾਂ ਨਾਲ ਸਾਡੀ ਨਵੀਂ ਪੀੜ੍ਹੀ ’ਚ ਦੇਸ਼ ਭਗਤੀ ਦੀ ਭਾਵਨਾ ਪ੍ਰਬਲ ਹੋਵੇਗੀ ਅਤੇ ਉਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਤੋਂ ਪ੍ਰੇਰਣਾ ਮਿਲੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸ਼ਹੀਦੀ ਸਮਾਰਕ ਆਸਫਵਾਲਾ ਵਿੱਚ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕੀਤੀ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਦਾਨੇਵਾਲੀਆ, ਐੱਸਡੀਐੱਮ ਰਵਿੰਦਰ ਸਿੰਘ ਅਰੋੜਾ ਅਤੇ ਦੇਵ ਦਰਸ਼ਦੀਪ ਸਿੰਘ, ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਸੁਰਿੰਦਰ ਸਚਦੇਵਾ, ਡੀਡੀਪੀਓ ਜੀਐੱਸ ਵਿਰਕ, ਜ਼ਿਲ੍ਹਾ ਸਿੱਖਿਆ ਅਫਸਰ ਸੁਖਬੀਰ ਸਿੰਘ ਬੱਲ ਹਾਜ਼ਰ ਸਨ। ਇਸ ਮੌਕੇ ਰੈਲੀ ਵਿੱਚ ਪੁਲੀਸ ਦੇ ਜਵਾਨਾਂ ਤੋਂ ਇਲਾਵਾ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ, ਆਜ਼ਾਦ ਹਿੰਦ ਪੈਡਲਰ ਕਲੱਬ ਫਾਜ਼ਿਲਕਾ ਤੋਂ ਫਾਊਂਡਰ ਸ਼ਸ਼ੀ ਕਾਂਤ ਗੁਪਤਾ ਅਤੇ ਸੀਨੀਅਰ ਮੈਂਬਰ ਵਰਿੰਦਰ ਸ਼ਰਮਾ, ਰਤਨ ਲਾਲ ਚੁੱਘ, ਅਰਪਿਤ ਸੇਤੀਆ ਹਾਜ਼ਰ ਸਨ। ਇਸ ਮੌਕੇ ਸਵੀਪ ਪ੍ਰੋਗਰਾਮ ਤਹਿਤ ਰੈਲੀ ’ਚ ਸ਼ਾਮਲ ਲੋਕਾਂ ਨੂੰ ਵੋਟਾਂ ਬਣਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।