ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 4 ਜੁਲਾਈ
ਭਾਰਤ ਮਾਲਾ ਸੜਕ ਬਣਾਉਣ ਨੂੰ ਲੈਕੇ ਬਲਾਕ ਸ਼ਹਿਣਾ ਦੇ 5 ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ’ਚ ਸਰਕਾਰ ਵੱਲੋਂ ਨਿਸ਼ਾਨਦੇਹੀ ਲਈ ਲਾਈਆਂ ਬੁਰਜੀਆਂ ਕਿਸਾਨਾਂ ਨੇ ਅੱਜ ਪੁੱਟ ਦਿੱਤੀਆਂ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਇਆ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸ਼ਹਿਣਾ ਇਕਾਈ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ’ਚ ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਵਿੱਚ ਕਿਸਾਨਾਂ ਦੀ ਮੀਟਿੰਗ ਹੋਈ। ਮੀਟਿੰਗ ’ਚ ਕਿਸਾਨਾਂ ਵੱਲੋਂ ਜ਼ਮੀਨ ਨਾ ਦੇਣ ਅਤੇ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ’ਚ ਕਾਲਾ ਸਿੰਘ ਉਪਲ, ਹਰਦੀਪ ਸਿੰਘ, ਰਣਜੀਤ ਸਿੰਘ, ਦਰਸ਼ਨ ਸਿੰਘ, ਗੁਰਬਿੰਦਰ ਸਿੰਘ, ਹਰਬੰਸ ਸਿੰਘ, ਗੁਰਮੀਤ ਸਿੰਘ, ਕਰਨੈਲ ਸਿੰਘ, ਅਮਨਦੀਪ ਸਿੰਘ, ਹਰਪਾਲ ਸਿੰਘ, ਪਰਵਿੰਦਰ ਸਿੰਘ ਸਮੇਤ ਸੈਕੜੇ ਕਿਸਾਨ ਸ਼ਾਮਲ ਹੋਏ। ਮੀਟਿੰਗ ਬਾਅਦ ਕਿਸਾਨਾਂ ਨੇ ਸੁਖੀਆ ਨਗਰ ਸ਼ਹਿਣਾ ਕੋਲ ਖੇਤਾਂ ’ਚ ਲੱਗੀਆਂ ਬੁਰਜੀਆਂ ਪੁੱਟ ਦਿੱਤੀਆਂ। ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤ ਮਾਲਾ ਸੜਕ ਲਈ ਸਰਕਾਰ ਨੇ ਬਿਨਾਂ ਕਿਸੇ ਨੂੰ ਦੱਸੇ, ਚੁੱਪ ਚਪੀਤੇ ਬੁਰਜੀਆਂ ਲਾ ਦਿੱਤੀਆਂ ਹਨ ਜੋ ਗਲਤ ਹੈ।