ਪੱਤਰ ਪ੍ਰੇਰਕ
ਮਾਨਸਾ, 2 ਸਤੰਬਰ
ਇਥੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋ ਮਾਨਸਾ ਨੇੜਲੇ ਪਿੰਡ ਉੱਭਾ ਦੀ ਗਲੀ ਪੱਕੀ ਕਰਨ ਦੇ ਸੰਬੰਧ ਵਿੱਚ ਪੰਚਾਇਤ ਵਿਕਾਸ ਅਫ਼ਸਰ ਦੇ ਦਫਤਰ ਅੱਗੇ ਧਰਨਾ ਲਾਇਆ। ਜਥੇਬੰਦੀ ਦਾ ਕਹਿਣਾ ਹੈ ਕਿ ਪਿੰਡ ਉਭਾ ਦੇ ਸਰਪੰਚ ਮੁਅੱਤਲ ਹਨ, ਜਿਸ ਕਾਰਨ ਵਿਕਾਸ ਕਾਰਜ ਰੁਕੇ ਪਏ ਹਨ। ਕਿਸਾਨ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਕਰਵਾਉਣ ਲਈ ਕੋਈ ਦਿਲਚਸਪੀ ਨਹੀਂ ਲਈ ਜਾ ਰਹੀ ਹੈ, ਜਿਸ ਕਾਰਨ ਅਧਿਕਾਰੀਆਂ ਨੂੰ ਜਗਾਉਣ ਲਈ ਇਹ ਧਰਨਾ ਲਾਇਆ ਗਿਆ।
ਇਸੇ ਦੌਰਾਨ ਕਿਸਾਨਾਂ ਦੀ ਏਕਤਾ ਨੇ ਮਾਨਸਾ ਨੇੜਲੇ ਪਿੰਡ ਗਾਗੋਵਾਲ ਦੇ ਇੱਕ ਵਿਧਵਾ ਕਿਸਾਨ ਔਰਤ ਅਮਰਜੀਤ ਕੌਰ ਅਤੇ ਉਸਦੇ ਪੁੱਤਰ ਰਿੰਕੂ ਸਿੰਘ ਦੀ 5 ਕਨਾਲਾਂ ਜ਼ਮੀਨ ਦੀ ਨਿਲਾਮੀ ਦਾ ਬਚਾਅ ਕਰ ਗਈ। ਨਿਲਾਮੀ ਸਬੰਧੀ ਅਦਾਲਤ ’ਚੋਂ ਕੁਰਕੀ ਦੇ ਹੁਕਮ ਮਾਨਸਾ ਦੀ ਇੱਕ ਫਰਮ ਵੱਲੋਂ ਲਏ ਗਏ ਸਨ, ਜਿਸ ਲਈ ਨਿਲਾਮੀ ਕਰਵਾਉਣ ਵਾਸਤੇ ਮਾਨਸਾ ਦੇ ਤਹਿਸੀਲਦਾਰ ਵੱਲੋਂ ਆਉਣਾ ਸੀ, ਪਰ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂਆਂ ਵੱਲੋਂ ਪੀੜਤ ਕਿਸਾਨ ਦੇ ਹੱਕ ਵਿੱਚ ਲਏ ਗਏ ਸਟੈਂਡ ਦੀ ਭਿਣਕ ਜਦੋਂ ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਲੱਗੀ ਤਾਂ ਪਿੰਡ ਗਾਗੋਵਾਲ ਵਿੱਚ ਕੋਈ ਵੀ ਸਰਕਾਰੀ ਅਧਿਕਾਰੀ ਨਿਲਾਮੀ ਕਾਰਵਾਈ ਕਰਨ ਲਈ ਨਾ ਆਇਆ। ਜਥੇਬੰਦੀ ਵੱਲੋਂ ਜੇਤੂ ਰੈਲੀ ਕਰ ਕੇ ਪਿੰਡ ਵਿਚ ਨਿਲਾਮੀ ਰੋਕਣ ਲਈ ਲਾਏ ਗਏ ਧਰਨੇ ਦੀ ਸਮਾਪਤੀ ਕਰਨ ਦਾ ਮੰਚ ਤੋਂ ਐਲਾਨ ਕੀਤਾ ਗਿਆ। ਪੰਜ ਕਨਾਲਾਂ ਜ਼ਮੀਨ ਦੀ ਇਹ ਨਿਲਾਮੀ 1 ਲੱਖ 25 ਹਜ਼ਾਰ ਰੁਪਏ ਬਦਲੇ ਕੀਤੀ ਜਾਣੀ ਸੀ।
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਰਕਾਰ ਨੇ ਜਿੱਤਣ ਤੋਂ ਪਹਿਲਾਂ ਨਿਲਾਮੀਆਂ ਅਤੇ ਕੁਰਕੀਆਂ ਬੰਦ ਕਰਨ ਦਾ ਵਾਅਦਾ ਕੀਤਾ ਸੀ,ਪਰ ਸਾਰੇ ਵਾਅਦੇ ਝੂਠੇ ਨਿਕਲ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ-ਮਜਦੂਰ ਦੀ ਕੁਰਕੀ ਜਾਂ ਨਿਲਾਮੀ ਨਹੀ ਹੋਣ ਦਿੱਤੀ ਜਾਵੇਗੀ। ਇਸ ਮੌਕੇ ਦਰਸ਼ਨ ਸਿੰਘ ਗੇਹਲੇ, ਬੂਟਾ ਸਿੰਘ ਖੋਖਰ ਕਲਾਂ ,ਬੂਟਾ ਸਿੰਘ ਮੂਸਾ,ਗੁਰਮੇਲ ਸਿੰਘ, ਬਲਵਿੰਦਰ ਸਿੰਘ ਅਤੇ ਦਾਰਾ ਸਿੰਘ ਨੇ ਵੀ ਸੰਬੋਧਨ ਕੀਤਾ।