ਪਰਸ਼ੋਤਮ ਬੱਲੀ/ਰਵਿੰਦਰ ਰਵੀ
ਬਰਨਾਲਾ, 24 ਜਨਵਰੀ
ਬੀਐੱਡ ਅਧਿਆਪਕ ਫਰੰਟ ਪੰਜਾਬ ਦੀ ਅਗਵਾਈ ਹੇਠ ਅਧਿਆਪਕਾਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਦੀ ਅਰਥੀ ਸਾੜੀ| ਫਰੰਟ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਦਲਜਿੰਦਰ ਸਿੰਘ ਦੀ ਅਗਵਾਈ ਹੇਠ ਇੱਥੇ ਸਿਵਲ ਹਸਪਤਾਲ ਦੇ ਪਾਰਕ ਵਿਚ ਇਕੱਤਰਤਾ ਉਪਰੰਤ ਸ਼ਹਿਰ ਵਿੱਚੋਂ ਮਾਰਚ ਕਰਦੇ ਹੋਏ ਰੇਲਵੇ ਸਟੇਸ਼ਨ ਪੁੱਜ ਕੇ ਅਰਥੀ ਫੂਕੀ|
ਆਗੂਆਂ ਕਿਹਾ ਕਿ ਇਹ ਰੋਸ ਮੁਜ਼ਾਹਰਾ ਪੇਅ ਕਮਿਸ਼ਨ ਲਾਗੂ ਕੀਤੇ ਜਾਣ, ਪੁੁਰਾਣੀ ਪੈਨਸ਼ਨ ਸਕੀਮ ਬਹਾਲੀ, ਬਤੌਰ ਟੀਚਿੰਗ ਫੈਲੋ ਅਤੇ ਸਰਵਿਸ ਪ੍ਰੋਵਾਈਡਰ ਠੇਕੇ ਤੇ ਕੀਤੀ ਸਰਵਿਸ ਦੇ ਲਾਭ ਦੇਣ, ਈਟੀਟੀ ਤੋਂ ਮਾਸਟਰ ਕਾਡਰ ਪਦਉੱਨਤੀ ਕੋਟਾ 37 ਪ੍ਰਤੀਸ਼ਤ ਕਰਨ ਅਤੇ ਸਾਰੇ ਵਿਸ਼ਿਆਂ ਦੀ ਪਦਉੱਨਤੀਆਂ ਕਰਨ, ਮਾਸਟਰ ਕਾਡਰ ਸੀਨੀਅਰਤਾ ਸੂਚੀ ਦੀ ਸੋਧ ਕਰਨ, ਸਿੱਧੀ ਭਰਤੀ ਦਾ ਪਰਖ ਸਮਾਂ ਘਟਾਉਣ ਆਦਿ ਮੰਗਾਂ ਪ੍ਰਤੀ ਸਰਕਾਰ ਦੀ ਬੇਰੁਖ਼ੀ ਕਰ ਕੇ ਕੀਤਾ ਗਿਆ ਹੈ| ਸੂਬਾਈ ਆਗੂ ਨਿਰਮਲ ਸਿੰਘ ਪੱਖੋ, ਜਗਜੀਤ ਸਿੰਘ ਬਲਾਕ ਪ੍ਰਧਾਨ ਮਹਿਲ ਕਲਾਂ, ਸੂਰੀਯਾ ਕੁੁਮਾਰ ਬਲਾਕ ਪ੍ਰਧਾਨ ਸ਼ਹਿਣਾ, ਸਹਾਇਕ ਸਕੱਤਰ ਸੁੁਖਬੀਰ ਸਿੰਘ, ਪ੍ਰੈਸ ਸਕੱਤਰ ਸੁੁਖਪਾਲ ਸਿੰਘ, ਸਕੱਤਰ ਬਲਾਕ ਬਰਨਾਲਾ ਸ਼ਰਨਜੀਤ ਸਿੰਘ ਨੇ ਕਿਹਾ ਕਿ ਮੰਗਾਂ ਪ੍ਰਤੀ ਅਣਸੁਣੀ ਦਾ ਜਥੇਬੰਦੀ ਹਰ ਫਰੰਟ ’ਤੇ ਸਰਕਾਰ ਦਾ ਵਿਰੋਧ ਕਰੇਗੀ|