ਜਗਤਾਰ ਅਨਜਾਣ
ਮੌੜ ਮੰਡੀ, 1 ਜਨਵਰੀ
ਪੰਜਾਬ ਸਰਕਾਰ ਵੱਲੋਂ ਹਲਕਾ ਮੌੜ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਭੇਜੇ ਫੰਡ ਪੰਚਾਇਤਾਂ ਨੂੰ ਦੇਣ ਦੀ ਬਜਾਏ ਸਮਿਤੀ ਮੌੜ ਵੱਲੋਂ ਆਪਣੇ ਪੱਧਰ ’ਤੇ ਖਰਚਣ ਦੇ ਵਿਰੋਧ ’ਚ ਅੱਜ ਬਲਾਕ ਮੌੜ ਦੇ ਸਰਪੰਚਾਂ ਨੇ ਬੀਡੀਪੀਓ ਦਫ਼ਤਰ ਮੌੜ ਅੱਗੇ ਧਰਨਾ ਲਾ ਕੇ ਬੀਡੀਪੀਓ ਨੂੰ ਦਫ਼ਤਰ ਅੰਦਰ ਹੀ ਨਜ਼ਰਬੰਦ ਕਰ ਲਿਆ। ਉਨ੍ਹਾਂ ਕਾਂਗਰਸ ਦੀ ਹਲਕਾ ਇੰਚਾਰਜ ਮੰਜੂ ਬਾਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪੰਚਾਇਤਾਂ ਦੇ ਕੰਮ ਵਿੱਚ ਦਖਲਅੰਦਾਜ਼ੀ ਵਿਰੁੱਧ ਰਾਮਗੜ੍ਹ ਭੂੰਦੜ, ਰਾਏ ਖਾਨਾ, ਘੁੰਮਣ ਕਲਾਂ ਤੇ ਕੋਟਭਾਰਾ ਦੀਆਂ ਪੰਚਾਇਤਾਂ ਵੱਲੋਂ ਸਰਪੰਚ ਗੁਰਵਿੰਦਰ ਸਿੰਘ ਤੇ ਮਲਕੀਤ ਖਾਂ ਨੇ ਦੋਸ਼ ਲਾਇਆ ਕਿ ਮੌੜ ਬਲਾਕ ਦੇ ਚਾਰ ਪਿੰਡਾਂ ਦੀਆਂ ਪੰਚਾਇਤਾਂ ਕੋਲ ਬਹੁਮਤ ਹੋਣ ਦੇ ਬਾਵਜੂਦ ਕਾਂਗਰਸੀ ਆਗੂ ਮੰਜੂ ਬਾਂਸਲ ਦੀ ਕਥਿਤ ਸ਼ਹਿ ’ਤੇ ਬੀਡੀਪੀਓ ਵੱਲੋਂ ਸਿੱਧੇ ਰੂਪ ਪੰਚਾਇਤੀ ਫੰਡਾਂ ਨਾਲ ਛੇੜਖਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੰਜੂ ਬਾਂਸਲ ਤੇ ਮੰਗਤ ਰਾਏ ਬਾਂਸਲ ਵੱਲੋਂ ਨਿੱਜੀ ਤੌਰ ’ਤੇ ਆਪਣੇ ਸਮਰਥਕਾਂ ਦੇ ਹਿਤ ਪੂਰਨ ਲਈ ਪੰਚਾਇਤਾਂ ਦੇ ਅਧਿਕਾਰਾਂ ਨੂੰ ਖਤਮ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ, ਜੋ ਪੰਚਾਇਤੀ ਰਾਜ ਐਕਟ ਦਾ ਘਾਣ ਹੈ। ਸਰਪੰਚ ਮਲਕੀਤ ਖਾਨ ਨੇ ਕਿਹਾ ਕਿ ਬਾਂਸਲ ਪਰਿਵਾਰ ਦੀ ਸ਼ਹਿ ’ਤੇ ਪਿੰਡ ਰਾਏ ਖਾਨਾ ਦੇ ਅਗਿਆਤ ਵਿਅਕਤੀਆਂ ਵੱਲੋਂ ਗ਼ਲਤ ਤਰੀਕੇ ਨਾਲ ਗਲੀਆਂ ਪੁੱਟੀਆਂ ਜਾ ਰਹੀਆਂ ਹਨ ਜਦਕਿ ਪਿੰਡ ਦੀ ਕਿਸੇ ਵੀ ਗਲੀ ਨੂੰ ਬਣਾਉਣ ਲਈ ਗ੍ਰਾਮ ਪੰਚਾਇਤ ਵੱਲੋਂ ਮਤਾ ਪਾਸ ਕਰਕੇ ਦਫ਼ਤਰ ਨੂੰ ਭੇਜਿਆ ਜਾਂਦਾ ਹੈ, ਪ੍ਰੰਤੂ ਹਲਕਾ ਇੰਚਾਰਜ ਪੂਰੇ ਪਿੰਡ ਦੇ ਵਿਕਾਸ ਕੰਮਾਂ ਨੂੰ ਪ੍ਰਭਾਵਿਤ ਕਰਨ ਲਈ ਆਪਣੇ ਨਿੱਜੀ ਸਵਾਰਥਾਂ ਲਈ ਪੰਚਾਇਤਾਂ ਦੇ ਕੰਮਾਂ ਵਿੱਚ ਅੜਿੱਕਾ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦੇ ਕੰਮਾਂ ਵਿੱਚ ਕੀਤੀ ਜਾ ਰਹੀ ਦਖਲਅੰਦਾਜ਼ੀ ਨੂੰ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਪਹੁੰਚੇ ਕਾਂਗਰਸ ਪਾਰਟੀ ਦੇ ਟਿਕਟ ਦੇ ਚਾਹਵਾਨ ਮਨਿੰਦਰ ਸਿੰਘ ਸੇਖੋਂ, ਵਿਧਾਇਕ ਜਗਦੇਵ ਸਿੰਘ ਕਮਾਲੂ, ਸਿੱਪੀ ਭਾਕਰ,ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵੀਰ ਮਾਈਸਰਖਾਨਾ ਅਤੇ ਸਮਾਜਸੇਵੀ ਲੱਖਾ ਸਿਧਾਣਾ ਨੇ ਪੰਚਾਇਤਾਂ ਰਾਹੀਂ ਪਿੰਡਾਂ ਦੇ ਵਿਕਾਸ ਕੰਮ ਕਰਵਾਉਣ ਦੀ ਮੰਗ ਕੀਤੀ ਗਈ।
ਇਸ ਮੌਕੇ ਗੁਰਕੀਰਤ ਸਿੰਘ ਯੂਥ ਵਿੰਗ ਪ੍ਰਧਾਨ ਕਾਂਗਰਸ ਮੌੜ , ਹਰਪ੍ਰੀਤ ਸਿੰਘ ਮਾਈਸਰ ਖਾਨਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਕਸ਼ਮੀਰ ਸਿੰਘ ਸਰਪੰਚ, ਜੱਗਾ ਸਿੰਘ ਸਰਪੰਚ ਘੁੰਮਣ ਕਲਾਂ, ਗੁਰਪ੍ਰੀਤ ਸਿੰਘ ਸਰਪੰਚ, ਸੁਖਪ੍ਰੀਤ ਸਿੰਘ ਸਰਪੰਚ ,ਜੱਸੀ ਭਾਈ ਬਖਤੌਰ, ਬਲਵੀਰ ਸਰਪੰਚ,ਨੈਬ ਸਿੰਘ ਸਰਪੰਚ,ਹਰਦੀਪ ਸਿੰਘ ਸੁੱਖਾ ਸਿੰਘ ਵਾਲਾ, ਮਲਕੀਤ ਸਿੰਘ ਮਾਨਸਾ ਖੁਰਦ, ਸੁਖਜੀਤ ਸਿੰਘ ਧੰਨ ਸਿੰਘ ਖਾਨਾ, ਅੰਗਰੇਜ਼ ਸਿੰਘ ਸਰਪੰਚ, ਬਲਵੀਰ ਸਿੰਘ ਸਰਪੰਚ, ਰਾਮ ਗੋਪਾਲ ਸਰਪੰਚ, ਕਪੂਰ ਸਿੰਘ ਜੋਧਪੁਰ, ਸਤਿਨਾਮ ਸਿੰਘ ਸਰਪੰਚ, ਧਰਮ ਸਿੰਘ ਸਰਪੰਚ ਪ੍ਰਧਾਨ ਸਰਪੰਚ ਯੂਨੀਅਨ, ਮੌੜ ਆਦਿ ਮੌਜੂਦ ਸਨ।
ਕੀ ਕਹਿਣਾ ਹੈ ਬੀਡੀਪੀਓ ਦਾ
ਬੀਡੀਪੀਓ ਮੇਜਰ ਸਿੰਘ ਦਾ ਕਹਿਣਾ ਸੀ ਕਿ ਵਿਕਾਸ ਕਾਰਜਾਂ ਸਬੰਧੀ ਸਰਪੰਚਾਂ ਤੋਂ ਲਿਖਤੀ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਗ੍ਰਾਮ ਪੰਚਾਇਤਾਂ ਰਾਹੀਂ ਪੈਸੇ ਲਗਵਾਉਣ ਦੀ ਮੰਗ ਕੀਤੀ ਜਾਵੇਗੀ।