ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 25 ਮਈ
ਪਿੰਡ ਜੀਵਨ ਸਿੰਘ ਵਾਲਾ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਨਾ ਕਰਨ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਅੱਜ ਤਲਵੰਡੀ ਸਾਬੋ-ਬਠਿੰਡਾ ਮੁੱਖ ਮਾਰਗ ’ਤੇ ਧਰਨਾ ਦੇ ਕੇ ਆਵਾਜਾਈ ਜਾਮ ਕਰ ਦਿੱਤੀ ਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜਦ ਤੱਕ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਸੰਘਰਸ਼ ਜਾਰੀ ਰਹੇਗਾ।
ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਵਿੱਚ ਹੀ ਜੀਵਨ ਸਿੰਘ ਵਾਲਾ ਵਿਖੇ 7-8 ਨੌਜਵਾਨਾਂ ਦੀਆਂ ਚਿੱਟੇ ਦੇ ਨਸ਼ੇ ਨਾਲ ਮੌਤਾਂ ਹੋ ਚੁੱਕੀਆਂ ਹਨ। ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਲਈ ਪਿੰਡ ਵਾਸੀਆਂ ਨੇ ਕਈ ਵਾਰ ਪੁਲੀਸ ਨੂੰ ਸ਼ਿਕਾਇਤਾਂ ਵੀ ਕੀਤੀਆਂ। ਲੇਕਿਨ ਕੋਈ ਕਾਰਵਾਈ ਨਾ ਹੋਣ ਤੋਂ ਅੱਕੇ ਪਿੰਡ ਵਾਸੀਆਂ ਨੇ 22 ਮਈ ਨੂੰ ਪਿੰਡ ਦਾ ਵੱਡਾ ਇਕੱਠ ਕਰਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਮੌਕੇ ’ਤੇ ਪਹੁੰਚੇ ਪੁਲੀਸ ਮੁਲਾਜ਼ਮਾਂ ਨੇ ਤਸਕਰਾਂ ਨੂੰ ਫੜਨ ਲਈ ਤਿੰਨ ਦਿਨ ਦਾ ਸਮਾਂ ਮੰਗਿਆ ਸੀ। ਪਿੰਡ ਵਾਸੀਆਂ ਨੇ ਪੁਲੀਸ ਨੂੰ ਤਿੰਨ ਦਿਨ ਦਾ ਸਮਾਂ ਦਿੰਦਿਆਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਸ ਸਮੇਂ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਹ ਤਲਵੰਡੀ ਸਾਬੋ-ਬਠਿੰਡਾ ਮੁੱਖ ਸੜਕ ਮਾਰਗ ਜਾਮ ਕਰਨਗੇ। ਪਰ ਪੁਲੀਸ ਵੱਲੋਂ ਅਜੇ ਤੱਕ ਨਸ਼ਾ ਤਸਕਰਾਂ ਨੂੰ ਕਾਬੂ ਨਾ ਕੀਤੇ ਜਾਣ ਦੇ ਰੋਸ ਵਿੱਚ ਪਿੰਡ ਵਾਲਿਆਂ ਨੇ ਅੱਜ ਪਿੰਡ ਦੇ ਬੱਸ ਅੱਡੇ ’ਤੇ ਤਲਵੰਡੀ ਸਾਬੋ-ਬਠਿੰਡਾ ਮਾਰਗ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਨਸ਼ਾ ਤਸਕਰ ਧਮਕੀਆਂ ਦੇ ਰਹੇ ਹਨ। ਪਰ ਪੁਲੀਸ ਨੇ ਅਜੇ ਤੱਕ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਨਹੀਂ ਕੀਤਾ ਜਿਸ ਕਰਕੇ ਉਨ੍ਹਾਂ ਨੂੰ ਧਰਨਾ ਦੇਣਾ ਪਿਆ। ਧਰਨੇ ਵਿੱਚ ਔਰਤਾਂ, ਬੱਚੇ, ਨੌਜਵਾਨ ਅਤੇ ਬਜ਼ੁਰਗ ਵੀ ਸ਼ਾਮਲ ਸਨ।
ਦੂਜੇ ਪਾਸੇ ਧਰਨੇ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਤਲਵੰਡੀ ਸਾਬੋ ਜਸਮੀਤ ਸਿੰਘ ਸਾਹੀਵਾਲ ਅਤੇ ਥਾਣਾ ਮੁਖੀ ਮੇਜਰ ਸਿੰਘ ਵੀ ਜਾਮ ਵਾਲੀ ਥਾਂ ’ਤੇ ਪੁੱਜ ਗਏ ਜਿਨ੍ਹਾਂ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਪਿੰਡ ਵਾਸੀ ਨੇ ਤਸਕਰਾਂ ਨੂੰ ਕਾਬੂ ਕਰਨ ਦੀ ਮੰਗ ’ਤੇ ਅੜੇ ਰਹੇ। ਅਖ਼ੀਰ ਪੁਲੀਸ ਅਧਿਕਾਰੀਆਂ ਨੇ ਪੰਜ ਦਿਨਾਂ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦਾ ਵਾਅਦਾ ਕੀਤਾ ਜਿਸ ਨਾਲ ਪਿੰਡ ਵਾਸੀਆਂ ਨੇ ਸਹਿਮਤ ਹੁੰਦਿਆਂ ਇੱਕ ਵਾਰ ਧਰਨਾ ਸਮਾਪਤ ਕਰ ਦਿੱਤਾ।
ਡੀਐੱਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਪੁਲੀਸ ਵੱਲੋਂ ਪਿੰਡ ਦੇ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਦੋ ਸੌ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਜਦ ਕਿ ਬਾਕੀ ਸ਼ੱਕੀ ਵਿਅਕਤੀਆਂ ’ਤੇ ਵੀ ਰੇਡ ਕੀਤੀ ਜਾ ਰਹੀ ਹੈ ਪਰ ਸਭ ਘਰ ਛੱਡ ਕੇ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।