ਪਰਸ਼ੋਤਮ ਬੱਲੀ
ਬਰਨਾਲਾ, 23 ਜੂਨ
30 ਜਥੇਬੰਦੀਆਂ ’ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 266ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਮੇਲਾ ਸਿੰਘ ਕੱਟੂ, ਬਿੱਕਰ ਸਿੰਘ ਔਲਖ, ਹਰਚਰਨ ਸਿੰਘ ਚੰਨਾ, ਗੁਰਦਰਸ਼ਨ ਸਿੰਘ ਦਿਉਲ, ਅਮਰਜੀਤ ਕੌਰ, ਨਛੱਤਰ ਸਿੰਘ ਸਾਹੌਰ, ਬਲਜੀਤ ਸਿੰਘ ਚੌਹਾਨਕੇ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਮਹਿੰਗਾਈ ਨੇ ਆਮ ਆਦਮੀ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਪੈਟਰੋਲ, ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲਿਟਰ ਦਾ ਅੰਕੜਾ ਛੋਹ ਰਹੀਆਂ ਹਨ ਅਤੇ ਹਰ ਆਏ ਦਿਨ ਇਨ੍ਹਾਂ ‘ਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਇਸ ਲਈ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਸਖ਼ਤ ਜ਼ਰੂਰਤ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੱਲ੍ਹ ਸੰਯੁਕਤ ਕਿਸਾਨ ਮੋਰਚਾ ਦੇ ਧਰਨਾਕਾਰੀ ਸਫਾਈ ਕਰਮਚਾਰੀਆਂ ਦੇ ਧਰਨੇ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਦੇ ਸੰਘਰਸ਼ ਨਾਲ ਇੱਕਜੁੱਟਤਾ ਪ੍ਰਗਟ ਕਰਨਗੇ। ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਬੀਰਰਸੀ ਕਵੀਸ਼ਰੀ ਰਾਹੀਂ ਪੰਡਾਲ ‘ਚ ਜੋਸ਼ ਭਰਿਆ। ਬਹਾਦਰ ਸਿੰਘ ਕਾਲਾ ਧਨੌਲਾ ਨੇ ਜੋਸ਼ੀਲੇ ਗੀਤ ਸੁਣਾਏ।