ਨਵਕਿਰਨ ਸਿੰਘ
ਮਹਿਲ ਕਲਾਂ, 19 ਅਪਰੈਲ
ਖੇਤੀ ਖੇਤਰ ਲਈ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਾਰਨ ਬਿਜਲੀ ਸਪਲਾਈ ਨਾ ਮਿਲਣ ਦੇ ਚੱਲਦਿਆਂ ਕਿਸਾਨਾਂ ਦੀਆਂ ‘ਪੁੱਤਾਂ’ ਵਾਂਗੂ ਪਾਲੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਜਨਰਲ ਸਕੱਤਰ ਮਲਕੀਤ ਸਿੰਘ ਮਹਿਲ ਕਲਾਂ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਜੀਤ ਸਿੰਘ ਸਹਿਜੜਾ, ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ ਨੇ ਕਿਹਾ ਕਿ ਇੱਕ ਪਾਸੇ ਤਾਂ ‘ਆਪ’ ਦੀ ਸੂਬਾ ਸਰਕਾਰ ਕਰੋੜਾਂ ਦੇ ਇਸ਼ਤਿਹਾਰ ਦੇ ਕੇ ਬਿਜਲੀ ਮੁਫਤ ਦੇਣ ਦੇ ਵਾਅਦੇ ਕਰ ਰਹੀ ਹੈ ਦੂਜੇ ਪਾਸੇ ਖੇਤੀ ਖੇਤਰ ਲਈ ਲੋੜੀਂਦੀ ਬਿਜਲੀ ਸਪਲਾਈ ਪੂਰੀ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਤੇ ਖੇਤੀ ਮਾਹਿਰ ਇਸ ਗੱਲ ’ਤੇ ਤਾਂ ਜ਼ੋਰ ਦਿੰਦੇ ਹਨ ਕਿ ਖੇਤੀ ਵਭਿੰਨਤਾ ਨੂੰ ਅਪਨਾਉਣਾ ਚਾਹੀਦਾ ਹੈ ਪਰ ਜਦੋਂ ਕਿਸਾਨ ਖੇਤੀ ਵਭਿੰਨਤਾ ਤਹਿਤ ਮੱਕੀ, ਮੂੰਗੀ, ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਤਾਂ ਕਿਸਾਨਾਂ ਨੂੰ ਸਹਿਯੋਗ ਦੇਣ ਦੀ ਥਾਂ ਉਲਟਾ ਰੋਕਾਂ ਲਾਈਆ ਜਾਂਦੀਆਂ ਹਨ ਜਿਸਦੀ ਮਿਸਾਲ ਬਿਜਲੀ ਸਪਲਾਈ ਨਾ ਮਿਲਣ ਕਾਰਨ ਹਰਾ ਚਾਰਾ, ਮੱਕੀ, ਮੂੰਗੀ, ਸਬਜ਼ੀਆਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਹਨ।
ਇਥੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਭਰੋਸਾ ਦੇ ਕੇ ਜਾਮ ਖੁਲ੍ਹਵਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕਿਸਾਨ ਆਗੂਆਂ ਵੱਲੋਂ ਧਰਨੇ ਦੌਰਾਨ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਪਾਵਰਕੌਮ ਦੇ ਸੀਨੀਅਰ ਅਧਿਕਾਰੀ ਇੱਥੇ ਆ ਕੇ ਬਿਜਲੀ ਸਪਲਾਈ ਦੇਣ ਦਾ ਵਿਸ਼ਵਾਸ਼ ਨਹੀਂ ਦਿਵਾਉਂਦੇ ਉਦੋਂ ਤੱਕ ਚੱਕਾ ਜਾਮ ਜਾਰੀ ਰਹੇਗਾ ਜਿਸ ਉਪਰੰਤ ਪਾਵਰਕੌਮ ਦੇ ਐਕਸੀਅਨ ਗਗਨਦੀਪ ਸਿੰਘ ਤੇ ਐੱਸਡੀਓ ਨਿਤਿਨ ਕੁਮਾਰ ਨੇ ਧਰਨੇ ’ਚ ਪਹੁੰਚ ਕੇ ਵਿਸ਼ਵਾਸ ਦਿਵਾਇਆ ਕਿ ਭਲਕੇ ਤੋਂ ਹੀ ਖੇਤੀ ਖੇਤਰ ਲਈ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ ਜਿਸ ਉਪਰੰਤ ਬਾਅਦ ਦੁਪਹਿਰ ਕਿਸਾਨਾਂ ਵੱਲੋਂ ਜਾਮ ਖੋਲ੍ਹਿਆ ਗਿਆ।
ਖੇਤੀ ਮੋਟਰਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਲਈ ਐਕਸੀਅਨ ਨੂੰ ਮੰਗ ਪੱਤਰ
ਬੁਢਲਾਡਾ (ਐਨ.ਪੀ. ਸਿੰਘ) ਅੱਜ ਖੇਤੀ ਮੋਟਰਾਂ ਦੀ ਬਿਜਲੀ ਦੀ ਸਪਲਾਈ 8 ਘੰਟੇ ਦੇਣ ਦੀ ਮੰਗ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਬਲਾਕ ਕਮੇਟੀ ਵੱਲੋਂ ਬਿਜਲੀ ਵਿਭਾਗ ਦੇ ਐਕਸੀਅਨ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਜ਼ਿਲ੍ਹਾ ਖਜ਼ਾਨਚੀ ਦੇਵੀ ਰਾਮ, ਬਲਾਕ ਪ੍ਰਧਾਨ ਸਤਪਾਲ ਸਿੰਘ ਬਰ੍ਹੇ ਨੇ ਦੱਸਿਆ ਕਿ ਕਣਕ ਦੀ ਕਟਾਈ ਖਤਮ ਹੋ ਗਈ ਹੈ ਤੇ ਹੁਣ ਨਰਮੇ ਅਤੇ ਮੱਕੀ ਦੀ ਬਿਜਾਈ ਸ਼ੁਰੂ ਹੋ ਗਈ ਹੈ ਪਰ ਬਿਜਲੀ ਸਪਲਾਈ ਨਾ ਹੋਣ ਕਾਰਨ ਸਬਜ਼ੀਆਂ ਤੇ ਫਸਲਾਂ ਦੀ ਬਿਜਾਈ ਵਿੱਚ ਰੁਕਾਵਟ ਖੜ੍ਹੀ ਹੋ ਗਈ ਹੈ ਜਿਸ ਕਾਰਨ ਜੱਥੇਬੰਦੀ ਬਿਜਲੀ ਸਪਲਾਈ ਦੀ ਪੁਰਜ਼ੋਰ ਮੰਗ ਕਰਦੀ ਹੈ। ਉਨ੍ਹਾਂ ਬਿਜਲੀ ਮਹਿਕਮੇ ਨੂੰ ਚੇਤਾਵਨੀ ਦਿੱਤੀ ਕਿ ਜੇ ਬਿਜਲੀ 8 ਘੰਟੇ ਯਕੀਨੀ ਨਾ ਬਣਾਈ ਗਈ ਤਾਂ ਉਹ ਸੰਘਰਸ਼ ਦੇ ਰਾਹ ਤੁਰਣ ਲਈ ਮਜਬੂਰ ਹੋਣਗੇ।