ਛੱਤਾਂ ਚੋਣ ਲੱਗੀਆਂ; ਪਰਿਵਾਰ ਖੁੱਲ੍ਹੇ ਮਕਾਨ ਚ ਰਹਿਣ ਲਈ ਮਜਬੂਰ!
ਪਰਮਜੀਤ ਸਿੰਘ
ਫਾਜ਼ਿਲਕਾ, 12 ਸਤੰਬਰ
ਦੇਸ਼ ਦੀ ਆਜ਼ਾਦੀ ਦੇ 74 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਦੇਸ਼ ਦੇ ਸਰਹੱਦੀ ਪਿੰਡਾਂ ਦੇ ਲੋਕ ਕੱਚੇ ਢਾਰਿਆਂ ਵਿੱਚ ਰਹਿਣ ਲਈ ਮਜਬੂਰ ਹਨ। ਜਦੋਂ ਮੀਂਹ ਪੈਂਦਾ ਹੈ,ਉਨ੍ਹਾਂ ਦੇ ਕੱਚੇ ਮਕਾਨਾਂ ਦੀਆਂ ਛੱਤਾਂ ਚੋਣ ਲੱਗਦੀਆਂ ਹਨ ਅਤੇ ਉਨ੍ਹਾਂ ’ਤੇ ਮੌਤ ਦੇ ਡਰ ਦੇ ਬੱਦਲ ਮੰਡਰਾਏ ਰਹਿੰਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਨਵਾਂ ਹਸਤਾ ਦੇ ਦੋ ਸਕੇ ਭਰਾਵਾਂ ਪਰਮਜੀਤ ਸਿੰਘ ਤੇ ਵੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਆਪਣੇ ਕੱਚੇ ਮਕਾਨ ਪੱਕੇ ਮਕਾਨ ਬਣਾਉਣ ਲਈ ਉਨ੍ਹਾਂ ਨੇ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖ਼ਤੀ ਤੌਰ ’ਤੇ ਕਈ ਵਾਰੀ ਫਾਰਮ ਭਰ ਕੇ ਦਿੱਤੇ ਹਨ ਪ੍ਰੰਤੂ ਕਿਸੇ ਨੇ ਕੋਈ ਸਾਰ ਨਹੀਂ ਲਈ। ਸਿਆਸੀ ਆਗੂ ਵੋਟਾਂ ਲੈਣ ਆਉਂਦੇ ਹਨ, ਉਸ ਵਕਤ ਲਾਰਾ ਲਾ ਦਿੰਦੇ ਹਨ ਕਿ ਤੁਹਾਡਾ ਪੱਕਾ ਮਕਾਨ ਬਣਾਵਾਂਗੇ। ਉਨ੍ਹਾਂ ਦੋਸ਼ ਲਾਉਂਦੇ ਕਿਹਾ ਕਿ ਵੋਟਾਂ ਲੈਣ ਤੋਂ ਬਾਅਦ ਕਦੇ ਉਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ। ਮੀਂਹ ਦੀ ਮਾਰ ਦਾ ਸ਼ਿਕਾਰ ਇਨ੍ਹਾਂ ਦੋ ਮਜ਼ਦੂਰ ਪਰਿਵਾਰਾਂ ਨੇ ਕੁੱਛੜ ਚੁੱਕੇ ਬੱਚਿਆਂ ਨੂੰ ਆਪਣਾ ਵਿਥਿਆ ਸੁਣਾਉਂਦਿਆਂ ਕਿਹਾ ਕਿ ਜਦ ਸਾਡੇ ਮਕਾਨਾਂ ਦੀਆਂ ਛੱਤਾਂ ਚੋਦੀਂਆਂ ਹਨ, ਤਾਂ ਉਨ੍ਹਾਂ ਨੂੰ ਹਮੇਸ਼ਾਂ ਡਰ ਸਤਾਉਂਦਾ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਦੇ ਮਕਾਨਾਂ ਦੀ ਛੱਤ ਉਨ੍ਹਾਂ ਦੇ ਪਰਿਵਾਰ ’ਤੇ ਡਿੱਗ ਨਾ ਜਾਵੇ । ਗਰੀਬ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਕੱਚੇ ਮਕਾਨਾਂ ਨੂੰ ਪੱਕੇ ਮਕਾਨ ਬਣਾਉਣ ਲਈ ਗਰਾਂਟ ਜਲਦੀ ਜਾਰੀ ਕੀਤੀ ਜਾ ਸਕੇ ਤਾਂ ਜੋ ਉਹ ਸਹੀ ਢੰਗ ਨਾਲ ਆਪਣਾ ਜੀਵਨ ਬਸਰ ਕਰ ਸਕਣ।
ਮੀਂਹ ਕਾਰਨ ਘਰੋਂ ਬੇਘਰ ਹੋਏ ਦੋ ਪਰਿਵਾਰ ਆਪਣੀ ਵਿਥਿਆ ਸੁਣਾਉਂਦੇ ਹੋਏ।