ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 23 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਸਿਧਾਂਤਾਂ ਤੋਂ ਦੂਰ ਹੱਟ ਕੇ ਬਾਦਲ ਪਰਿਵਾਰ ਨੇ ਲੋਕ ਵਿਰੋਧੀ ਫ਼ੈਸਲੇ ਲੈ ਕੇ ਕਾਂਗਰਸ ਸਮੇਤ ਪੰਜਾਬ ਵਿੱਚ ਕੀਤੇ ਸਿਆਸੀਕਰਨ ਨੇ ਪੰਜਾਬ ਦਾ ਢਾਂਚਾ ਹੀ ਖਿਲਾਰ ਕੇ ਰੱਖ ਦਿੱਤਾ ਹੈ ਜਿਸ ਨਾਲ ਐੱਸਜੀਪੀਸੀ ਸਮੇਤ ਕਿਸਾਨਾਂ, ਮਜ਼ਦੂਰਾਂ, ਲੋਕਾਂ ਅਤੇ ਵਪਾਰੀਆਂ ਦਾ ਵੀ ਵੱਡਾ ਘਾਣ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਬੀਤੀ ਦੇਰ ਸ਼ਾਮ ਜਨ ਕਲਿਆਣ ਸਭਾ ਰਾਮਪੁਰਾ ਫੂਲ ਦੇ ਦਫ਼ਤਰ ਕੀਤੀ ਮੀਟਿੰਗ ਦੌਰਾਨ ਕਿਹਾ ਕਿ ਅੱਜ ਬਾਦਲ ਅਤੇ ਸੱਤਾਧਾਰੀ ਕਾਂਗਰਸ ਨੇ ਸ਼ੁਰੂ ਕੀਤੀ ਲੋਕ ਮਾਰੂ ਸਿਆਸਤ ਨੇ ਪੰਜਾਬ ਦੇ ਲੋਕਾਂ ਨੂੰ ਧਰਨੇ ਅਤੇ ਰੋਸ ਮੁਜ਼ਾਹਰੇ ਕਰਨ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਯਤਨ ਕੀਤੇ ਜਾ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਸਿਧਾਂਤਾਂ ਅਨੁਸਾਰ ਮੁੜ ਸੁਰਜੀਤ ਕੀਤਾ ਜਾ ਸਕੇ।
ਭੀਖੀ (ਕਰਨ ਭੀਖੀ): ਪਰਮਿੰਦਰ ਸਿੰਘ ਢੀਡਸਾ ਨੇ ਭੀਖੀ ਅਤੇ ਨੇੜਲੇ ਪਿੰਡ ਕੋਟੜਾ ’ਚ ਵਰਕਰ ਮਿਲਣੀ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਜੋ ਮਤੇ ਪਾਸ ਕੀਤੇ ਗਏ ਹਨ ਉਸ ਦੀ ਉਹ ਹਮਾਇਤ ਕਰਦੇ ਹਨ ਪਰ ਇਨ੍ਹਾਂ ਮਤਿਆਂ ’ਚ ਸੁਧਾਰ ਕਰਨ ਅਤੇ ਕਿਸਾਨ, ਆੜ੍ਹਤੀਏ ਅਤੇ ਮਜ਼ਦੂਰਾਂ ਨੂੰ ਸੁਰੱਖਿਅਤ ਕਰਨ ਲਈ ਹੋਰ ਸਖਤ ਫੈਸਲੇ ਲੈਣ ਦੀ ਲੋੜ ਹੈ।
ਮਾਨਸਾ (ਹਰਦੀਪ ਜਟਾਣਾ): ਪਰਮਿੰਦਰ ਸਿੰਘ ਢੀਂਡਸਾ ਨੇ ਮਾਨਸਾ, ਭੀਖੀ, ਸਰਦੂਲਗੜ੍ਹ, ਝੁਨੀਰ ਅਤੇ ਰਾਏਪੁਰ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਬਹੁਤ ਹੀ ਸਤਿਕਾਰਤ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੱਦੋਂ ਵੱਧ ਵਿਗੜ ਚੁੱਕੇ ਹਨ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਰਣਜੀਤ ਸਿੰਘ ਬ੍ਰਹਮਪੁਰਾ, ਬੈਂਸ ਭਰਾ, ਸੁਖਪਾਲ ਖਹਿਰਾ ਸਮੇਤ ਚੰਗੀ ਸੋਚ ਵਾਲੀ ਹਰ ਧਿਰ ਦਾ ਸਮਰਥਨ ਲਿਆ ਜਾਵੇਗਾ।
ਬ੍ਰਹਮਪੁਰਾ ਨਾਲ ਮਿਲ ਕੇ ਸ੍ਰੋਮਣੀ ਕਮੇਟੀ ਚੋਣਾਂ ਲੜਨ ਦਾ ਦਾਅਵਾ
ਮਾਨਸਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲਾਂ ਦਾ ਮੁਕੰਮਲ ਕਬਜ਼ਾ ਹਟਾਉਣ ਲਈ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨਾਲ ਏਕਤਾ ਲਗਭਗ ਤਹਿ ਹੋ ਗਈ ਹੈ ਅਤੇ ਭਾਈ ਰਣਜੀਤ ਸਿੰਘ ਸਮੇਤ ਸੰਤ ਸਮਾਜ ਨਾਲ ਮਿਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ਜਾਣ ਦਾ ਮੁੱਢ ਬੱਝਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਇਹ ਚੋਣਾਂ ਲੜਕੀਆਂ ਜਾਣਗੀਆਂ।